ਹਰੀਸ਼ ਕਾਲੜਾ
ਰੂਪਨਗਰ, 29 ਸਤੰਬਰ 2020 - ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਨਤੀਜਿਆ ਨੂੰ ਬਿਹਤਰ ਬਣਾਉਣ ਲਈ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਪੰਜਾਬ ਪ੍ਰਾਪਤੀ ਸਰਵੇਖਣ ਟੈਸਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਵਧ-ਚੜ੍ਹ ਕੇ ਭਾਗ ਲੈ ਰਹੇ ਹਨ।ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਹੁਣ ਸਿੱਖਿਆ ਵਿਭਾਗ ਵੱਲੋਂ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕੰਪਿਊਟਰ ਵਿਸ਼ੇ ਦੇ ਟੈਸਟਾਂ ਲਈ ਡੇਟਸ਼ੀਟ ਜਾਰੀ ਕੀਤੀ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.) ਰਾਜ ਕੁਮਾਰ ਖੋਸਲਾ ਅਨੁਸਾਰ 30 ਸਤੰਬਰ ਨੂੰ ਛੇਵੀਂ ਜਮਾਤ, 01 ਅਕਤੂਬਰ ਨੂੰ ਸੱਤਵੀਂ, 03 ਅਕਤੂਬਰ ਨੂੰ ਅੱਠਵੀਂ ਅਤੇ 04 ਅਕਤੂਬਰ ਨੂੰ ਨੌਵੀਂ ਅਤੇ ਦਸਵੀਂ ਜਮਾਤ ਦਾ ਕੰਪਿਊਟਰ ਵਿਸ਼ੇ ਨਾਲ ਸਬੰਧਤ 'ਪੰਜਾਬ ਪ੍ਰਾਪਤੀ ਸਰਵੇਖਣ ਟੈਸਟ' ਕਰਵਾਇਆ ਜਾਵੇਗਾ। ਇਹਨਾਂ ਟੈਸਟਾਂ ਦਾ ਮਨੋਰਥ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਬਿਹਤਰ ਭਵਿੱਖ ਲਈ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਲਈ ਤਿਆਰ ਕਰਨਾ ਵੀ ਹੈ।