ਹਰੀਸ਼ ਕਾਲੜਾ
- ਮੇਲੇ ਵਿਚ ਆਨ ਲਾਈਨ ਵਰਚੂਅਲ ਮਾਧਿਅਮ ਰਾਹੀਂ ਕੌਮੀ/ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਮਾਈਕਰੋ ਸਾਫਟ, ਬਾਇਜੂਸ ਤੇ ਐਚ.ਸੀ.ਐਲ. ਨੇ ਨੌਜਵਾਨਾਂ ਨੂੰ ਕੀਤੀ ਅਸਾਮੀਆਂ ਦੀ ਪੇਸ਼ਕਸ
- 3 ਲੱਖ ਤੋਂ ਲੈ ਕੇ 43 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ਼ ਵੀ ਆਫਰ ਕੀਤੇ ਗਏ
ਰੂਪਨਗਰ, 29 ਸਤੰਬਰ 2020 - ਪੰਜਾਬ ਸਰਕਾਰ ਵਲੋਂ ਅੱਜ 6ਵਾਂ ਮੈਗਾ ਰੋਜ਼ਗਾਰ ਮੇਲਾ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਜ਼ਿਲ੍ਹਾ ਰੂਪਨਗਰ ਵਿਚ ਲਗਾਇਆ ਗਿਆ। ਇਸ ਮੇਲੇ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਪ੍ਰਸਿੱਧ ਕੰਪਨੀਆਂ ਵਲੋਂ ਵਿਦਿਆਰਥੀਆਂ ਦੀ ਵਰਚੁਅਲ ਇੰਟਰਵਿਊ ਕਰਕੇ ਉਨ੍ਹਾਂ ਨੂੰ 3 ਲੱਖ ਤੋਂ ਲੈ ਕੇ 43 ਲੱਖ ਦੇ ਸਾਲਾਨਾ ਪੈਕੇਜ਼ ਮੁਹੱਈਆ ਕਰਵਾਏ ਗਏ। ਇਸ ਮੇਲੇ ਦੀ ਸ਼ੁਰੂਆਤ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੌਜ਼ਗਾਰ ਉਤਪਤੀ ਅਤੇ ਸਿਖਲਾਈ , ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਵਲੋਂ ਕੀਤੀ ਗਈ।
ਸ਼ਮਾ ਰੌਸ਼ਨ ਕਰਕੇ ਮੇਲੇ ਦਾ ਰਸ਼ਮੀ ਉਦਘਾਟਨ ਕੀਤੇ ਜਾਣ ਮਗਰੋਂ ਆਪਣੇ ਸੰਖੇਪ ਸੰਬੋਧਨ ਵਿਚ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਘਰ ਘਰ ਰੌਜ਼ਗਾਰ ਮਿਸ਼ਨ ਤਹਿਤ ਜੋ ਵਾਅਦਾ ਸੂਬੇ ਦੀ ਜਨਤਾ ਨਾਲ ਕੀਤਾ ਸੀ ਉਹ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਮਕੌਰ ਸਾਹਿਬ ਦੇ ਹਲਕੇ ਵਿਚ ਲਗਾਏ ਗਏ ਅੱਜ ਦੇ ਮੇਲੇ ਵਿਚ 2300 ਅਸਾਮੀਆਂ ਲਈ 16 ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਨੇ ਪੜ੍ਹੇ ਲਿਖੇ ਹੁਨਰਮੰਦ ਨੌਜਵਾਨਾਂ ਦੀ ਇੰਟਰਵਿਊ ਲਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਰੌਜ਼ਗਾਰ ਮੇਲੇ ਵਿਚ ਕੌਮਾਂਤਰੀ ਪੱਧਰ ਦੀ ਪ੍ਰਸਿੱਧ ਕੰਪਨੀ ਮਾਈਕਰੋ ਸਾਫਟ ਵਲੋਂ 3 ਤੋਂ ਲੈ ਕੇ 43 ਲੱਖ ਦੇ ਸਾਲਾਨਾ ਪੈਕੇਜ਼ ਨਾਲ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਦ ਕਿ ਐਚ ਸੀ ਐਲ ਕੰਪਨੀ ਵਲੋਂ ਸਾਢੇ ਤਿੰਨ ਲੱਖ ਤੋਂ ਲੈ ਦਸ ਲੱਖ ਤਕ ਦੇ ਸਾਲਾਨਾ ਪੈਕੇਜ ਆਫਰ ਕੀਤੇ ਗਏ ਹਨ ਇਸ ਦੇ ਨਾਲ ਹੀ ਮੌਜੂਦਾ ਸਮੇਂ ਦੀ ਬਹੁ ਚਰਚਿਤ ਬਾਇਜੂਸ ਕੰਪਨੀ ਵਲੋਂ ਚਾਰ ਲੱਖ ਤੋਂ ਲੈ ਕੇ ਦਸ ਲੱਖ ਤਕ ਦੇ ਸਾਲਾਨਾ ਪੈਕੇਜ ਨੌਜਵਾਨਾਂ ਨੂੰ ਆਫਰ ਕੀਤੇ ਗਏ ਹਨ।
ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਅਸਾਮੀਆਂ ਤੋਂ ਇਲਾਵਾ ਵੀ ਇਕ ਲੱਖ ਸਰਕਾਰੀ ਅਸਾਮੀਆਂ ਛੇਤੀ ਹੀ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 50 ਹਜ਼ਾਰ ਸਰਕਾਰੀ ਅਸਾਮੀਆਂ ਦੀ ਭਰਤੀ ਲਈ ਕਾਰਵਾਈ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਆਰੰਭ ਦਿੱਤੀ ਜਾਵੇਗੀ ਜਦ ਕਿ ਬਾਕੀ 50 ਹਜ਼ਾਰ ਸਰਕਾਰੀ ਅਸਾਮੀਆਂ ਲਈ ਭਰਤੀ ਅਗਲੇ ਵਰ੍ਹੇ ਕੀਤੀ ਜਾਵੇਗੀ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇਰੌਜ਼ਗਾਰ ਨੌਜ਼ਵਾਨਾਂ ਨੂੰ ਰੌਜਗਾਰ ਮੁਹੱਈਆ ਕਰਵਾਉਣ ਲਈ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਵਿਸ਼ੇਸਤਾ ਇਹ ਹੈ ਕਿ ਇਥੇ ਹਰ ਤਰ੍ਹਾਂ ਦੇ ਬੇਰੌਜਗਰ ਨੌਜਵਾਨ ਨੂੰ ਉਸ ਦੀ ਲਿਆਕਤ, ਹੁਨਰ ਤੇ ਪੜ੍ਹਾਈ ਦੇ ਅਨੂਸਾਰ ਨੌਕਰੀ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਨੌਜਵਾਨ ਜੋ ਮੈਟ੍ਰਿਕ ਤੋਂ ਬਾਅਦ ਪੜ੍ਹਾਈ ਛੱਡ ਗਏ ਹਨ ਉਨ੍ਹਾਂ ਦੇ ਨਾਲ ਨਾਲ ਉਹ ਨੌਜਵਾਨ ਜੋ ਪੀਐਚਡੀ ਪਾਸ ਹਨ ਸਭ ਲਈ ਨੌਕਰੀ ਦਾ ਮੌਕਾ ਮੁਹੱਈਆ ਕਰਵਾਇਆ ਜਾਂਦਾ ਹੈ।
ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 79 ਰੌਜ਼ਗਾਰ ਮੇਲੇ ਲਗਾਏ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਕ ਹੋਰ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਅਧੀਨ ਆਈ ਟੀ ਆਈ ਪਾਸ ਕਰ ਚੁੱਕੇ ਨੌਜਵਾਨਾਂ ਲਈ 8 ਹਜ਼ਾਰ ਰੁਪਏ ਦੇ ਇੰਨਸੈਨਟਿਵ ਨਾਲ ਉਨ੍ਹਾਂ ਕੰਪਨੀਆਂ ਵਿਚ ਅਪਰੈਟਸਿਪ (ਟਰੇਨਿੰਗ) ਦਾ ਪ੍ਰਬੰਧ ਕਰਵਾਇਆ ਜਾਵੇਗਾ ਜਿਥੋ ਸਿਖਿਅਤ ਹੋ ਕੇ ਉਹ ੳਸੇ ਕੰਪਨੀ ਵਿਚ ਨੌਕਰੀ ਲੈ ਸਕਣ ਦੇ ਕਾਬਲ ਹੋਣਗੇ। ਸ. ਚੰਨੀ ਨੇ ਇਹ ਖੁਲਾਸਾ ਵੀ ਕੀਤਾ ਕਿ ਪੰਜਾਬ ਸਰਕਾਰ ਵਲੋਂ ਛੇਤੀ ਹੀ ਲੋਨ ਮੇਲਾ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਉਹ ਨੌਜਵਾਨ ਆਪਣਾ ਪ੍ਰਾਇਵੇਟ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਉਨ੍ਹਾਂ ਪੰਜਾਬ ਸਰਕਾਰ ਵਲੋਂ ਆਪਣੀ ਗਰੰਟੀ ਤੇ ਨੌਜਵਾਨਾਂ ਨੂੰ ਸਸਤੇ ਰੇਟ ਤੇ ਬੈਕਾਂ ਤੋਂ ਲੋਨ ਮੁਹੱਈਆ ਕਰਵਾਏ ਜਾਣਗੇ।ਸ. ਚੰਨੀ ਨੇ ਚਮਕੌਰ ਸਾਹਿਬ ਹਲਕੇ ਦੀ ਜਨਤਾ ਨੂੰ ਇਹ ਵਿਸ਼ਵਾਸ ਦਵਾਇਆ ਕਿ ਸਰਕਾਰ ਵਲੋਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਜ਼ਿਲ੍ਹਾ ਰੂਪਨਗਰ ਵਿਚ ਰੌਜ਼ਗਾਰ ਕੈਂਪ ਲਗਾਇਆ ਜਾਂਦਾ ਰਹੇਗਾ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਨੇ ਇਹ ਖੁਲਾਸਾ ਵੀ ਕੀਤਾ ਕਿ ਪੰਜਾਬ ਸਰਕਾਰ ਵਲੋਂ ਛੇਤੀ ਹੀ ਉਨ੍ਹਾਂ ਨੌਜਵਾਨਾਂ ਜੋ ਕਿ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਫਿਰ ਵਿਦੇਸ਼ਾਂ ਵਿਚ ਨੌਕਰੀ ਕਰਨਾ ਚਾਹੁੰਦੇ ਹਨ, ਦੀ ਸਹਾਇਤਾ ਲਈ ਛੇਤੀ ਹੀ ਇਕ ਵਿਸ਼ੇਸ਼ ਪਾਇਲਟ ਪ੍ਰੋਜੈਕਟ ਮੋਹਾਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਮੋਹਾਲੀ ਵਿਖੇ ਛੇਤੀ ਹੀ ਦਫਤਰ ਖੋਲ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਵਲੋਂ ਸੂਬੇ ਦੇ ਬੇਰੌਜ਼ਗਾਰ ਨੌਜਵਾਨਾਂ ਜ਼ੋ ਕਿ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ/ਨੌਕਰੀ ਕਰਨਾ ਚਾਹੁੰਦੇ ਹਨ ਦੀ ਪ੍ਰਾਇਵੇਟ ਏਜੰਟਾਂ ਹੱਥੋਂ ਹੁੰਦੀ ਲੁੱਟ-ਖਸੁੱਟ ਨੂੰ ਰੋਕਿਆ ਜਾ ਸਕੇ।
ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਇਸ ਮੌਕੇ ਨੌਕਰੀਆਂ ਲਈ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵਿਸ਼ਵਾਸ ਵੀ ਦਵਾਇਆ ਕਿ ਹੁਨਰਮੰਦ ਨੌਜਵਾਨਾਂ ਲਈ ਰੌਜ਼ਗਾਰ ਦੇ ਵਸੀਲੇ ਪੈਦੇ ਕਰਨ ਲਈ ਯਤਨ ਲਗਾਤਾਰ ਜਾਰੀ ਰਹਿਣਗੇ ਅਤੇ ਇਸ ਤਰ੍ਹਾਂ ਦੇ ਰੌਜ਼ਗਾਰ ਮੇਲੇ ਭਵਿਖ ਵਿਚ ਵੀ ਲਗਦੇ ਰਹਿਣਗੇ।
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨੀ ਬਿੱਲਾਂ ਮਗਰੋਂ ਛਿੜੇ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਪੁੱਛੇ ਗੲੈ ਸਵਾਲ ਦਾ ਜਵਾਬ ਦਿੰਦਿਆਂ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸ੍ਰੋਮਣੀ ਅਕਾਲੀ ਦਲ ਨਾਲ ਰਲ ਕੇ ਦੇਸ਼ ਦੀ ਕਿਸਾਨੀ ਅਤੇ ਅਰਥ ਵਿਵਸਥਾ ਨੂੰ ਡੂੰਘੀ ਢਾਅ ਲਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਪਾਸ ਕੀਤੇ ਇਨ੍ਹਾਂ ਕਾਨੂੰਨਾਂ ਨਾਂਲ ਪੰਜਾਬ ਸਰਕਾਰ ਦੀ ਆਮਦਨ, ਕਿਸਾਨਾਂ ਅਤੇ ਮਜ਼ਦੂਰਾਂ ਦੀ ਦਸ਼ਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਇਹ ਖੇਤੀ ਕਾਨੂੰਨ ਪਾਸ ਕਰਕੇ ਰਾਜ ਸਰਕਾਰਾਂ ਦੇ ਹੱਕਾਂ ਉਤੇ ਡਾਕਾ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸੰਵਿਧਾਨਿਕ ਤੇ ਫੈਡਰਲ ਢਾਂਚੇ ਦੀਆਂ ਧੱਜੀਆਂ ਉਡਾ ਕੇ ਕੇਂਦਰ ਸਰਕਾਰ ਨੇ ਖੇਤੀ ਜ਼ੋ ਕਿ ਰਾਜ ਸਰਕਾਰਾਂ ਦਾ ਵਿਸ਼ਾ ਹੈ ਬਾਰੇ ਕਾਨੂੰਨ ਬਣਾ ਕੇ ਦੇਸ਼ ਵਿਚ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਪੈਦਾ ਕੀਤਾ ਹੈ।
ਖੇਤੀ ਕਾਨੂੰਨ ਪਾਸ ਹੋਣ ਮਗਰੋਂ ਅਕਾਲੀ ਦਲ ਵਲੋਲਗਾਏ ਜਾ ਰਹੇ ਧਰਨਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਨੂੰਨ ਬਣਾਉਣ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਭਾਈਵਾਲ ਸੀ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਲੀਡਰਸ਼ਿਪ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਕਿਉਕਿ ਊਨ੍ਹਾਂ ਵਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਇਨ੍ਹਾਂ ਕਾਨੂੰਨਾਂ ਨੂੰ ਬਣਾਉਣ ਵਿਚ ਅਹਿਮ ਭੁਮਿਕਾ ਨਿਭਾਈ ਗਈ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਪਾਣੀਆਂ ਦੇ ਰਾਖੇ ਵਜੋ ਜਾਣਿਆ ਜਾਂਦਾ ਹੈ ਦੀ ਅਗਵਾਈ ਵਿਚ ਸਮੁੱਚੀ ਕਾਂਗਰਸ ਲੀਡਰਸ਼ਿਪ ਇਨ੍ਹਾਂ ਕਾਲੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਜਾਵੇਗੀ ਅਤੇ ਸੜਕਾਂ ਤੇ ਸੰਘਰਸ਼ ਵੀ ਤੇਜ਼ ਕੀਤੇ ਜਾਣਗੇ।