ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2020 - ਵੈਟਰਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵਿਖੇ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਅਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੈਟਰਨਰੀ ਅੰਡਰਗ੍ਰੈਜੁਏਟ ਲਈ ਰਾਸ਼ਟਰੀ ਪੱਧਰ ਦੇ ਕੁਇਜ਼ ਅਤੇ ਪਾਲਤੂਆਂ ਦੇ ਮਾਲਕਾਂ ਲਈ ਇੱਕ ਰੋਜ਼ਾ ਮੁਫਤ ਰੈਬੀਜ਼ ਟੀਕਾਕਰਨ ਅਤੇ ਜਾਗਰੂਕਤਾ ਕੈਂਪ ਦੇ ਨਾਲ “ਵਰਲਡ ਰੈਬੀਜ਼ ਡੇ“ ਮਨਾਇਆ ਗਿਆ। ਕੈਂਪ ਵਿਚ 80 ਤੋਂ ਵੱਧ ਪਾਲਤੂ ਜਾਨਵਰਾਂ ਦੇ ਮਾਲਕਾਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਪਾਲਤੂ ਜਾਨਵਰਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਮੁਫਤ ਟੀਕਾਕਰਣ ਕੀਤਾ ਗਿਆ। ਇਸ ਦੌਰਾਨ ਸਰਦੀਆਂ ਦੇ ਆਉਣ ਵਾਲੇ ਮਹੀਨਿਆਂ ਵਿੱਚ ਪਾਲਤੂਆਂ ਦੀ ਭਲਾਈ ਅਤੇ ਪਾਲਣ ਪੋਸ਼ਣ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਰੈਬੀਜ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹੋਏ ਬਰੋਸ਼ਰ, ਜਿਸ ਵਿੱਚ ਨਿਦਾਨ, ਟੀਕਾਕਰਨ ਕਾਰਜਕ੍ਰਮ ਅਤੇ ਰੋਕਥਾਮ ਉਪਾਅ ਵੀ ਸ਼ਾਮਲ ਕੀਤਾ ਗਿਆ, ਨੂੰ ਕਾਲਜ ਦੇ ਡੀਨ ਡਾ. ਮਨੀਸ਼ ਕੁਮਾਰ ਚੈਟਲੀ ਨੇ ਜਾਰੀ ਕੀਤਾ। ਡੀਨ ਨੇ ਦੱਸਿਆ ਕਿ “ਵਿਸ਼ਵ ਰੇਬੀਜ਼ ਦਿਵਸ” ਹਰ ਸਾਲ 28 ਸਤੰਬਰ ਨੂੰ ਜਾਨਲੇਵਾ ਬਿਮਾਰੀ, ਰੇਬੀਜ਼ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਉਨ•ਾਂ ਇਹ ਵੀ ਕਿਹਾ ਕਿ ਇਸ ਸਾਲ ਦਾ ਥੀਮ “ਐਂਡ ਰੈਬੀਜ਼: ਸਹਿਯੋਗ ਅਤੇ ਟੀਕਾਕਰਨ“ ਹੈ।
ਰਾਸ਼ਟਰੀ ਪੱਧਰ 'ਤੇ ਕੁਇਜ਼ ਮੁਕਾਬਲੇ ਵਿਚ, ਭਾਰਤ ਦੇ 25 ਰਾਜਾਂ ਅਤੇ 47 ਵੈਟਰਨਰੀ ਕਾਲਜਾਂ ਨਾਲ ਸਬੰਧਤ 673 ਵੈਟਰਨਰੀ ਅੰਡਰਗਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਬੰਧਕਾਂ ਦੁਆਰਾ ਚੋਟੀ ਦੇ 100 ਵਿਦਿਆਰਥੀਆਂ ਨੂੰ ਪ੍ਰਸ਼ੰਸਾ ਦੇ ਈ-ਪ੍ਰਮਾਣ ਪੱਤਰ ਪ੍ਰਦਾਨ ਕੀਤੇ । ਡਾ. ਰਚਨਾ ਅਤੇ ਡਾ. ਚੇਤਨਾ ਨੇ ਸਮਾਗਮ ਦਾ ਸੰਯੋਜਨ ਕੀਤਾ।
ਡਾ. ਇੰਦਰਜੀਤ ਸਿੰਘ, ਯੋਗ ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਫੈਕਲਟੀ ਅਤੇ ਸਟਾਫ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਦੀ ਭਾਗੀਦਾਰੀ ਇਸ ਰੈਬੀਜ਼ ਵਿਰੋਧੀ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ “ਰੇਬੀਜ਼ ਇੱਕ ਟੀਕਾ ਰੋਕੂ ਬਿਮਾਰੀ ਹੈ। ਮਨੁੱਖੀ ਅਤੇ ਪਸ਼ੂਆਂ ਦੀ ਵਰਤੋਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕੇ ਆਮ ਤੌਰ ਤੇ ਉਪਲਬਧ ਹਨ। ਲੋਕਾਂ ਵਿੱਚ ਰੇਬੀਜ਼ ਦੀ ਰੋਕਥਾਮ ਲਈ ਲਾਗਤ ਪ੍ਰਭਾਵਸ਼ਾਲੀ ਰਣਨੀਤੀ ਟੀਕੇ ਰਾਹੀਂ ਕੁੱਤਿਆਂ ਵਿੱਚ ਰੈਬੀਜ਼ ਨੂੰ ਖਤਮ ਕਰਨਾ ਹੈ।“ ਉਨ੍ਹਾਂ ਨੇ ਇਸ ਮਾਰੂ ਬਿਮਾਰੀ ਦੀ ਸਮੱਸਿਆ ਦੇ ਹੱਲ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਉਤਪਾਦਕ ਖੋਜ ਤੇ ਜ਼ੋਰ ਦਿੱਤਾ।