ਫਿਰੋਜ਼ਪੁਰ, 29 ਸਤੰਬਰ 2020 - ਫਿਰੋਜ਼ਪੁਰ ਸ਼ਹਿਰ ਦਫਤਰ ਆਰੀਟੀਏ ਦੇ ਕੋਲ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਅਤੇ ਗੱਡੀ ਦੀ ਭੰਨ ਤੋੜ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ 5 ਅਣਪਛਾਤੇ ਵਿਅਕਤੀਆਂ ਖਿਲਾਫ 341, 323, 427, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰੀਸ਼ ਕੁਮਾਰ ਪੁੱਤਰ ਸੁਭਾਸ਼ ਚੰਦ ਅਰੋੜਾ ਵਾਸੀ ਬਾਬਾ ਫਰੀਦ ਕਾਲੌਨੀ ਗਲੀ ਨੰਬਰ 1 ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਅਤੇ ਸਾਹਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਆਦਰਸ਼ ਨਗਰ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਆਪਣੀ ਗੱਡੀ ਨੰਬਰ ਡੀਐੱਲ 3 ਸੀ ਬੀਵੀ 2387 'ਤੇ ਕੰਮ ਕਾਰ ਸਬੰਧੀ ਆਰਟੀਏ ਦਫਤਰ ਫਿਰੋਜ਼ਪੁਰ ਵਿਖੇ ਆਏ ਸੀ।
ਹਰੀਸ਼ ਕੁਮਾਰ ਨੇ ਦੱਸਿਆ ਕਿ ਜਦ ਉਹ ਆਪਣਾ ਕੰਮ ਖਤਮ ਕਰਕੇ ਵਾਪਸ ਜਾਣ ਲੱਗੇ ਤਾਂ 4-5 ਅਣਪਛਾਤੇ ਵਿਅਕਤੀਆਂ ਨੇ ਆਪਣੀ ਸਕਾਰਪਿਓ ਗੱਡੀ ਉਸ ਦੀ ਕਾਰ ਅੱਗੇ ਲਗਾ ਦਿੱਤੀ ਤੇ ਉਸ ਤੇ ਅਤੇ ਉਸ ਦੇ ਸਾਥੀ ਸਾਹਿਲ ਕੁਮਾਰ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਤੇ ਗੱਡੀ ਦੀ ਭੰਨ ਤੋੜ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।