- ਕਿਸਾਨਾਂ ਦੀਆਂ ਕਈ ਸਮੱਸਿਆਵਾਂ ਦਾ ਬੀਐਸਐਫ਼ ਅਧਿਕਾਰੀਆਂ ਨੇ ਮੌਕੇ 'ਤੇ ਕੀਤਾ ਹੱਲ
ਫਿਰੋਜ਼ਪੁਰ 29 ਸਤੰਬਰ 2020 : ਹਿੰਦ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਅੱਜ ਮੀਟਿੰਗ ਸਰਹੱਦੀ ਸੁਰੱਖਿਆ ਬਲ ਦੇ 29 ਬਟਾਲੀਅਨ ਮਮਦੋਟ ਦੇ ਸੀਈਓ ਨਾਲ ਮਸਤਾ ਗੱਟੀ-2 ਵਿਖੇ ਹੋਈ। ਮੀਟਿੰਗ ਵਿੱਚ ਬੀਐੱਸਐੱਫ਼ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਹੋਏ।
ਬੀਐੱਸਐੱਫ ਦੇ ਸੀਈਓ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਨਣ ਤੋਂ ਇਲਾਵਾ ਕੁੱਝ ਸਮੱਸਿਆ ਦਾ ਮੌਕੇ 'ਤੇ ਹੀ ਹੱਲ ਕੀਤਾ ਅਤੇ ਕਿਸਾਨਾਂ ਦੀਆਂ ਕੁੱਝ ਸਮੱਸਿਆਵਾਂ ਨੂੰ ਲਿਖ ਕੇ ਸੀਈਓ ਨੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਕਿਸਾਨਾਂ ਨੂੰ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪੰਜਾਬ ਬਾਰਡਰ ਏਰੀਆ ਸੰਘਰਸ਼ ਵੈਲਫੇਅਰ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਢੋਲਾ ਮਾਹੀ ਨੇ ਬੀਐੱਸਐੱਫ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੱਸੀਆਂ।
ਢੋਲਾ ਮਾਹੀ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਪਿਛਲੇ ਲੰਮੇ ਸਮੇਂ ਤੋਂ ਆ ਰਹੀਆਂ ਹਨ, ਜਿਸ ਕਾਰਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨੀ ਕਿਸਾਨਾਂ ਵਾਸਤੇ ਔਖੀ ਹੋਈ ਪਈ ਹੈ। ਢੋਲਾ ਮਾਹੀ ਅਤੇ ਹੋਰਨਾਂ ਕਿਸਾਨਾਂ ਨੇ ਬੀਐੱਸਐੱਫ਼ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਰੇ ਗੇਟ ਖੋਲ੍ਹੇ ਜਾਣ ਅਤੇ ਟਾਈਮ ਸਿਰ ਖੋਲ੍ਹੇ ਜਾਣ। ਸਰਦੀਆਂ ਵਿੱਚ ਸਮਾਂ ਗੇਟ ਖੁੱਲ੍ਹਣ ਦਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਕੀਤਾ ਜਾਵੇ ਅਤੇ ਗਰਮੀਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਗੇਟ ਖੋਲ੍ਹੇ ਜਾਣ।
ਆਪਣੀ ਜ਼ਮੀਨ ਵਿਚ ਕਿਸਾਨਾਂ ਨੂੰ ਬੋਰ ਕਰਨ ਦੀ ਆਗਿਆ ਜੋ ਲੈਣੀ ਪੈਂਦੀ ਹੈ, ਉਸ ਨੂੰ ਆਸਾਨ ਬਣਾਇਆ ਜਾਵੇ ਅਤੇ ਸਰਪੰਚ ਦੀ ਤਸਦੀਕ ਤੇ ਬੋਰ ਕਰਨ ਦੀ ਇਜ਼ਾਜਤ ਦਿੱਤੀ ਜਾਵੇ। ਮੋਟਰ ਜਾਂ ਫਿਰ ਟਰਾਂਸਫ਼ਾਰਮਰ ਸੜਨ ਤੇ ਆਗਿਆ ਲੈਣੀ ਪੈਂਦੀ ਹੈ, ਉਸ ਨੂੰ ਬੰਦ ਕੀਤਾ ਜਾਵੇ ਅਤੇ ਸਿੱਧਾ ਗੇਟ ਕਮਾਂਡਰ ਨੂੰ ਹੀ ਚੈੱਕ ਕਰਕੇ ਇਜ਼ਾਜਤ ਦੇਵੇ। ਕੰਡਿਆਲੀ ਤਾਰ ਦੇ ਵਿੱਚੋਂ ਪਾਣੀ ਲੰਘਾਉਣ ਵਾਸਤੇ ਅਤੇ ਨਵੀਂ ਪਾਈਪ ਪਾਉਣ ਵਾਸਤੇ ਕੰਪਨੀ ਕਮਾਂਡਰ ਹੀ ਇਜ਼ਾਜਤ ਦੇਵੇ, ਆਈਕਾਰਡ ਬਣਾਉਣ ਵਾਸਤੇ ਪੁਲਿਸ ਰਿਪੋਰਟ ਬੀਐੱਸਐੱਫ਼ ਅਧਿਕਾਰੀ ਕਰਵਾਉਣ, ਕਿਸਾਨ ਨਹੀਂ ਕਰਵਾਉਣਗੇ।
ਆਈਕਾਰਡ ਵਾਸਤੇ ਵੈਲਡਿਟੀ 5 ਸਾਲ ਤੱਕ ਦੀ ਕੀਤੀ ਜਾਵੇ ਅਤੇ ਵਾਰ ਵਾਰ ਕਾਰਡ ਨਾ ਬਣਾਏ ਜਾਣ, ਇਸ ਤੋਂ ਇਲਾਵਾ ਇਹ ਆਈਕਾਰਡ ਇਕ ਮਹੀਨੇ ਦੇ ਅੰਦਰ ਅੰਦਰ ਹੀ ਬੀਐੱਸਐੱਫ਼ ਵੱਲੋਂ ਬਣਾਏ ਜਾਣ। ਲੇਬਰ ਕਾਰਡ 3 ਮਹੀਨੇ ਦਾ ਬਣਾਇਆ ਜਾਂਦਾ ਹੈ, ਇਸ ਲੇਬਰ ਕਾਰਡ ਨੂੰ ਇੱਕ ਸਾਲ ਵਾਸਤੇ ਬਣਾਇਆ ਜਾਵੇ ਅਤੇ ਇਸ ਨੂੰ ਵੀ ਕੰਪਨੀ ਕਮਾਂਡਰ ਹੀ ਬਣਾ ਕੇ ਦੇਵੇ। ਕੰਡਾ ਤਾਰ ਤੋਂ ਪਾਰ ਕਿਸਾਨ ਜਦੋਂ ਘੱਟ ਜਾਂ 1/2 ਕਿਸਾਨ ਰਹਿ ਜਾਂਦੇ ਹਨ ਤਾਂ ਉਨ੍ਹਾਂ ਨੂੰ ਜ਼ਬਰੀ ਗੇਟ ਤੋਂ ਬਾਹਰ ਬੀਐੱਸਐੱਫ਼ ਵੱਲੋਂ ਬੁਲਾ ਲਿਆ ਜਾਂਦਾ ਹੈ, ਇਸ ਲਈ ਅਜਿਹਾ ਜ਼ਬਰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਪੂਰਾ ਸਮਾਂ ਖੇਤ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ।
ਕਣਕ ਜਾਂ ਫਿਰ ਝੋਨੇ ਦੀ ਫ਼ਸਲ ਦੀ ਕਟਾਈ ਕਰਨ ਵਾਸਤੇ ਇਕ ਗੇਟ ਵਿੱਚੋਂ 1 ਹੀ ਮਸ਼ੀਨ ਜਾਣ ਦੀ ਇਜ਼ਾਜਤ ਦਿੱਤੀ ਜਾਦੀ ਹੈ, ਜਦਕਿ ਲੋੜ 1 ਤੋਂ ਵੱਧ ਮਸ਼ੀਨਾਂ ਦੀ ਹੁੰਦੀ ਹੈ। ਫ਼ਸਲ ਕੱਟਣ ਵਾਸਤੇ ਟਰਾਲੀ ਦੀ ਵੱਧ ਲੋੜ ਹੁੰਦੀ ਹੈ, ਇਸ ਲਈ ਟਰਾਲੀਆਂ ਦੀ ਗਿਣਤੀ ਵੀ 1 ਤੋਂ ਵੱਧ ਕੰਡਿਆਲੀ ਤਾਰ ਤੋਂ ਪਾਰ ਲਿਜਾਣ ਦੀ ਆਗਿਆ ਦਿੱਤੀ ਜਾਵੇ। ਲੇਬਰ ਵਾਸਤੇ ਪ੍ਰਮਿਸ਼ਨ ਨੂੰ ਆਸਾਨ ਬਣਾਇਆ ਜਾਵੇ ਅਤੇ ਸਰਪੰਚ ਤੋਂ ਇਲਾਵਾ ਨੰਬਰਦਾਰ ਨੂੰ ਵੀ ਅਧਿਕਾਰ ਦਿੱਤਾ ਜਾਵੇ। ਟਰਾਂਸਫਾਰਮਰ ਸੜਣ ਤੇ ਜਾਂ ਮੋਟਰ ਸੜਣ ਤੇ ਸਰਪੰਚ ਦੀ ਸਿਫ਼ਾਰਸ਼ ਨੂੰ ਮੰਨ ਕੇ ਗੇਟ ਕਮਾਂਡਰ ਹੀ ਮੋਟਰ ਜਾਂ ਟਰਾਂਸਫ਼ਾਰਮਰ ਬਦਲਣ ਦੀ ਆਗਿਆ ਦਿੱਤੀ ਜਾਵੇ।
ਜੰਗਲੀ ਜਾਨਵਰਾਂ ਨੂੰ ਫ਼ਸਲ ਦਾ ਨੁਕਸਾਨ ਕਰਨ ਤੋਂ ਰੋਕਣ ਵਾਸਤੇ ਕੋਈ ਹੱਲ ਕੀਤਾ ਜਾਵੇ, ਆਪਣੀ ਜ਼ਮੀਨ ਵਿੱਚੋਂ ਕਿਸਾਨਾਂ ਨੂੰ ਰੁੱਖ ਪੁੱਟਣ ਦੀ ਆਗਿਆ ਦਿੱਤੀ ਜਾਵੇ, ਕਿਸਾਨਾਂ ਨੂੰ ਆਪਣੀ ਜ਼ਮੀਨ ਵਿਚ ਚੰਗੀ ਮਿੱਟੀ ਪਾਉਣ ਦੀ ਆਗਿਆ ਦਿੱਤੀ ਜਾਵੇ, ਕਈ ਵਾਰ ਕਿਸਾਨਾਂ ਨੂੰ 14 ਫੁੱਟ ਦੇ ਰਸਤੇ ਵਿੱਚੋਂ ਰੋਕਿਆ ਜਾਂਦਾ ਹੈ ਅਤੇ ਜ਼ੀਰੋਂ ਲਾਈਨ 'ਤੇ ਵੀ ਨਹੀਂ ਜਾਣ ਦਿੱਤਾ ਜਾਂਦਾ, ਇਹ ਵੀ ਇਜ਼ਾਜਤ ਦਿੱਤੀ ਜਾਵੇ। ਆਮ ਤੌਰ 'ਤੇ ਹਫ਼ਤੇ ਵਿਚ ਇੱਕ ਦਿਨ ਗੇਟ ਬੰਦ ਕੀਤਾ ਜਾਂਦਾ ਹੈ, ਉਹ ਬੰਦ ਨਾ ਕੀਤਾ ਜਾਵੇ। ਕਿਸਾਨਾਂ ਦੀਆਂ ਇਹ ਸਮੱਸਿਆਵਾਂ ਸੁਣਨ ਤੋਂ ਮਗਰੋਂ ਸੀਈਓ ਨੇ ਮੌਕੇ 'ਤੇ ਹੀ ਕੰਪਨੀ ਕਮਾਂਡਰ ਨੂੰ ਸਮੱਸਿਆਵਾਂ ਹੱਲ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਅੱਗੇ ਤੋਂ ਉਨ੍ਹਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਸਮੇਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।