ਅੰਮ੍ਰਿਤਸਰ, 29 ਸਤੰਬਰ 2020 - ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨਾਂ ਵਿਰੋਧੀ ਆਰਡੀਨੈਸਾਂ ਨੂੰ ਰਾਸ਼ਟਰਪਤੀ ਵੱਲੋ ਪ੍ਰਵਾਨਗੀ ਦਿੱਤੇ ਜਾਣ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਭਾਰਤ ਸਰਕਾਰ ਨੇ ਆਪਣਾ ਹੱਠ ਪਗਾਉਂਦਿਆਂ ਕਿਸਾਨਾਂ ਤੇ ਪੰਜਾਬੀ ਭਾਸ਼ਾ ਵਿਰੋਧੀ ਬਿਲਾਂ ਨੂੰ ਰਾਸ਼ਟਰਪਤੀ ਤੋਂ ਪ੍ਰਵਾਨ ਕਰਵਾ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਕਾਨੂੰਨ ਬਣਾ ਦਿੱਤੇ ਗਏ ਹਨ ਜੋ ਪੰਜਾਬ-ਹਰਿਆਣਾ ਦੇ ਕਿਸਾਨਾਂ ਲਈ ਬਹੁਤ ਮੰਦਭਾਗਾ ਤੇ ਅਫਸੋਸਨਾਕ ਹਨ।ਹੁਣ ਖੇਤੀ ਵੀ ਪ੍ਰਾਈਵੇਟ ਘਰਾਣਿਆਂ ਦੀ ਹੱਥਠੋਕਾ ਬਣ ਜਾਵੇਗੀ। ਸਮੁੱਚੇ ਦੇਸ਼ ਦੇ ਮਹੱਤਵਪੂਰਨ ਮਹਿਕਮਿਆਂ ਨੂੰ ਪਹਿਲਾਂ ਹੀ ਪ੍ਰਾਈਵੇਟ ਸੈਕਟਰ ਬਣਾ ਦਿੱਤਾ ਗਿਆ ਹੈ। ਇਹ ਇਤਿਹਾਸਕ ਗਲਤੀ ਹੈ, ਸਰਕਾਰ ਨੇ ਖੇਤੀ ਯੁੱਗ ਦੇ ਇਤਿਹਾਸ ਵਿੱਚ ਕਾਲੇ ਕਾਨੂੰਨਾਂ ਦੀ ਘਾੜਤ ਘੜੀ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਹੁਣ ਕਿਸਾਨ ਜਿਹੜੇ ਕਦੇ ਪੰਜਾਬ ਲਈ ਅੰਨਦਾਤਾ ਅਖਵਾਉਂਦੇ ਸਨ। ਹੁਣ ਥੋੜੇ ਸਮੇਂ ਵਿਚ ਹੀ ਨਿਰਬਲ ਤੇ ਗੁਲਾਮੀ ਹੰਢਾਉਣ ਵਾਲੇ ਅਤੇ ਅਮੀਰ ਕੰਪਨੀਆਂ ਅੱਗੇ ਤਰਲੇ ਲੈਂਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਆਪਣੇ ਬਹੁ ਬਲ ਨਾਲ ਕਿਸਾਨ ਮਾਰੂ ਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਵਿਰੋਧੀ ਆਰਡੀਨੈਸਾਂ ਨੂੰ ਕਾਨੂੰਨੀ ਸ਼ਕਲ 'ਚ ਬਦਲ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਜੋ ਚਾਹੇ ਕਰ ਸਕਦੀ ਹੈ, ਵਿਰੋਧੀ ਧਿਰਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ।ਨਨਿਹੰਗ ਮੁਖੀ ਨੇ ਕਿਹਾ ਹਰ ਅਵਾਜ਼ ਨੂੰ ਉਹ ਦਬਾਅ ਨਹੀਂ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਬੇਹਤਰੀ ਨਹੀ ਬਰਬਾਦੀ ਦਾ ਆਲਮ ਬਣੇਗਾ।ਬੇਰੁਜ਼ਗਾਰੀ ਵਧੇਗੀ, ਪ੍ਰਾਈਵੇਟ ਕੰਪਨੀਆਂ ਦਾ ਮੰਡੀਕਰਨ ਤੇ ਕਬਜ਼ਾ ਹੋਵੇਗਾ ਤੇ ਉਹ ਮਨਮਾਨੀ ਕਰਨਗੀਆਂ ਜੋ ਸੂਬਿਆਂ ਦੇ ਹਿਤ ਵਿੱਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਪ੍ਰਧਾਨਮੰਤਰੀ ਲਗਾਤਾਰ ਕਦੀ ਮਨ ਕੀ ਬਾਤ ਰਾਹੀ ਕਦੀ ਸੰਸਦ 'ਚ ਇਨ੍ਹਾਂ ਆਰਡੀਨੈਸਾਂ ਨੂੰ ਕਿਸਾਨਾਂ ਦਾ ਉਜਲ ਭਵਿੱਖ ਦਸ ਕੇ ਲਗਾਤਾਰ ਬਿਆਨ ਦੇ ਰਹੇ ਹਨ।
ਕਿਸਾਨਾਂ ਵੱਲੋ ਵਿੱਢੇ ਸੰਘਰਸ਼ ਨੂੰ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਪੂਰਨ ਸਹਿਯੋਗ ਦੇਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ, ਰੇਲਵੇ, ਹਵਾਈ ਅੱਡੇ, ਡਾਕਘਰ ਤੇ ਹੋਰ ਅਨੇਕਾਂ ਮਹਿਕਮੇ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਦੇਸ਼ ਨੂੰ ਖਤਰੇ ਵਾਲੀ ਲਕੀਰ ਤੇ ਲਿਆ ਖੜਾ ਕੀਤਾ ਹੈ।ਪਹਿਲਾਂ ਬਿਹਾਰ ਤੇ ਹੋਰ ਸੂਬਿਆਂ ਵਿੱਚੋ ਲੋਕ ਰੋਜ਼ੀ ਕਮਾਉਣ ਪੰਜਾਬ ਆਉਂਦੇ ਸੀ ਹੁਣ ਪੰਜਾਬ ਨੂੰ ਵੀ ਇਨ੍ਹਾਂ ਕਾਲੇ ਕਾਨੂੰਨਾਂ ਤਹਿਤ ਘਸਿਆਰਾ ਬਣਾ ਦਿੱਤਾ ਜਾਵੇਗਾ।