ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਬਿਜਲੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਫੈਂਸਲਾ ਕੀਤਾ ਹੈ ਜਿਸ ’ਚ ਫੀਡਰਾਂ ਨੂੰ ਵੱਖ ਵੱਖ ਕਰਨਾ ਸ਼ਾਮਿਲ ਹੈ । ਇਸ ਨਾਲ ਖੇਤੀਬਾੜੀ ਅਤੇ ਗੈਰ ਖੇਤੀਬਾੜੀ ਖਪਤਕਾਰਾਂ ਨੂੰ ਆਪੋ ਆਪਣੇ ਫੀਡਰਾਂ ਨਾਲ ਨਿਰਵਿਘਨ ਬਿਜ਼ਲੀ ਸਪਲਾਈ ਦਿੱਤੀ ਜਾ ਸਕੇਗੀ। ਪਾਵਰਕੌਮ ਪੱਛਮੀ ਜੋਨ ਬਠਿੰਡਾ ਦੇ ਚੀਫ ਇੰਜਨੀਅਰ (ਵੰਡ) ਇੰਜਨੀਅਰ ਜੀਵਨ ਕਾਂਸਲ ਦਾ ਕਹਿਣਾ ਸੀ ਕਿ ਪਾਵਰਕੌਮ ਵੱਲੋਂ ਉਨ੍ਹਾਂ ਪਿੰਡਾਂ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਨ੍ਹਾਂ ’ਚ ਬਿਜਲੀ ਚੋਰੀ ਦਾ ਕੋਈ ਵੀ ਮਾਮਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਪਿੰਡਾਂ ਨੂੰ ਅਸਾਧਾਰਣ ਬਿਜ਼ਲੀ ਸਹੂਲਤਾਂ ਦੇ ਮਾਮਲੇ ਵਿੱਚ ਰੋਲ ਮਾਡਲ ਵਿਕਸਤ ਕੀਤਾ ਜਾਏਗਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਅਜਿਹੇ ਪਿੰਡਾਂ ਵਿੱਚ ਬਿਜ਼ਲੀ ਖਰਾਬ ਹੋ ਜਾਂਦੀ ਹੈ ਤਾਂ ਉਨ੍ਹਾਂ ’ਚ ਸਪਲਾਈ ਵੀ ਪਹਿਲ ਦੇ ਆਧਾਰ ਤੇ ਬਹਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਇਸ ਤਰਾਂ ਦੇ ਪਿੰਡਾਂ ਨੂੰ ਬਿਜਲੀ ਵੀ ਨਿਰਵਿਘਨ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਟਿਊਬਵੈਲ ਖਪਤਕਾਰਾਂ ਨੂੰ ਬਿਜ਼ਲੀ ਸਪਲਾਈ ਕਰਨ ਵਾਲੇ ਟਰਾਂਸਫਾਰਮਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਡੀ-ਲੋਡ ਕੀਤੇ ਜਾਣਗੇ । ਨਾਲ ਹੀ ਘਰੇਲੂ ਤੇ ਗੈਰ ਘਰੇਲੂ ਖਪਤਕਾਰਾਂ ਦੀਆਂ ਓਵਰਲੋਢ ਨਾਲ ਸਬੰਧਤ ਸਮੱਸਿਆਵਾਂ ਦਾ ਖਾਤਮਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਿੰਡ ਦੇ ਕਿਸੇ ਸਮੂਹ ਨੂੰ ਕਿਸੇ ਤਕਨੀਕੀ ਕਾਰਨਾਂ ਕਰਕੇ ਘੱਟ ਬਿਜਲੀ ਸਪਲਾਈ ਮਿਲਦੀ ਹੈ ਤਾਂ ਉਸ ਗਰੁੱਪ ਨੂੰ ਮੁਆਵਜ਼ਾ ਦਿੱਤਾ ਜਾਏਗਾ ।
ਉਨ੍ਹਾਂ ਆਖਿਆ ਕਿ ਪਾਵਰਕੌਮ ਇੱਕ ਵਪਾਰਕ ਸੰਸਥਾ ਹੈ ਜਿਸ ਨੂੰ ਪੰਜਾਬ ਦੇ 96 ਲੱਖ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਹਰ ਰੋਜ਼ ਵਿੱਤੀ ਸਰੋਤਾਂ ਦੀ ਲੋੜ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ’ਚ ਦੇਰੀ ਨਾਂ ਕਰਨ ਤਾਂ ਜੋ ਡਿਫਾਲਟਰ ਹੋਣ ਤੋਂ ਬਚਿਆ ਜਾ ਸਕੇ। ਉਨ੍ਹਾਂ ਖਪਤਕਾਰਾਂ ਨੂੰ ਬਿਜਲੀ ਚੋਰੀ ਬਾਰੇ ਸੂਚਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਕਕੋਈ ਵੀ ਵਿਅਕਤੀ ਪਾਵਰਕੌਮ ਦੇ ਵਾਟਸਐਪ ਨੰ.9646175770 ਅਤੇ ਮੋਬਾਇਲ ਨੰ.9646185267 ਤੇ ਬਿਜ਼ਲੀ ਚੋਰੀ ਹੋਣ ਬਾਰੇ ਜਾਣਕਾਰੀ ਦੇ ਸਕਦਾ ਹੈ।