ਚੰਡੀਗੜ੍ਹ, 29 ਸਤੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਲਈ ਪ੍ਰੈੱਸ ਨੂੰ ਮੁਖਾਤਿਬ ਹੁੰਦਿਆਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਰਤੀ ਨੀਵੇਂ ਪੱਧਰ ਦੀ ਭਾਸ਼ਾ ਤੇ ਪ੍ਰਤੀਕਰਮ ਦਿੰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਉਪਰੋਕਤ ਸ਼ਬਦਾਂ ਦੀ ਵਰਤੋਂ ਕੀਤੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਮਿਆਰ ਤੋਂ ਡਿੱਗੀ ਅਜਿਹੀ ਹੀ ਸ਼ਬਦਾਵਲੀ ਦੇ ਮਾਲਕ ਹਨ। ਸਿੱਖਾਂ ਦੀ ਸਿਰਮੌਰ ਗਿਣੀ ਜਾਂਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਏਸ ਪੱਧਰ ਦੀ ਭਾਸ਼ਾ ਦਾ ਉਪਯੋਗ ਕਰਨਾ ਸੁਖਬੀਰ ਸਿੰਘ ਬਾਦਲ ਲਈ ਬੇਹੱਦ ਸ਼ਰਮ ਵਾਲੀ ਗੱਲ ਹੈ। ਜਥੇਦਾਰ ਸੇਖਵਾਂ ਨੇ ਇਸ ਗੱਲ ਦੀ ਸਖਤ ਨਿੰਦਾ ਕੀਤੀ। ਸੁਖਬੀਰ ਸਿੰਘ ਬਾਦਲ ਨੂੰ ਮੂੰਹੋਂ ਬੋਲਣ ਵਾਲੇ ਸ਼ਬਦਾਂ ਦਾ ਮਹੱਤਵ ਸਮਝਣਾ ਚਾਹੀਦਾ ਹੈ ਕਿ ਉਹ ਕੀ ਬੋਲ ਰਹੇ ਹਨ, ਕੀ ਇਹ ਸ਼ਬਦ ਵਰਤਣ ਯੋਗ ਹਨ ਜਾਂ ਨਹੀਂ। ਉਹ ਵੀ ਉਸ ਵਿਅਕਤੀ ਲਈ ਜੋ ਕਿ ਉਹਨਾਂ ਦੇ ਪਿਤਾ ਦੇ ਹਾਣ ਦੇ ਹਨ, ਉਹਨਾਂ ਦੇ ਪੁਰਾਣੇ ਸਾਥੀ ਹਨ ਅਤੇ ਸਭ ਤੋਂ ਵੱਡੀ ਗੱਲ ਕਿ ਸੁਖਬੀਰ ਬਾਦਲ ਆਪ ਉਹਨਾਂ ਦੀ ਗੋਦੀ ਵਿੱਚ ਖੇਡ ਕੇ ਵੱਡੇ ਹੋਏ ਹੋਣ। ਇਹ ਸ਼ਬਦਾਵਲੀ ਉਹਨਾਂ ਸੁਖਦੇਵ ਸਿੰਘ ਢੀਂਡਸਾ ਲਈ ਨਹੀਂ ਸਗੋਂ ਆਪਣੇ ਪਿਤਾ ਸਮਾਨ ਬਜ਼ੁਰਗ ਲਈ ਵਰਤੀ ਹੈ ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਜਦੋਂ ਦਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਉਦੋਂ ਤੋਂ ਹੀ ਇਹ ਗੱਲਾਂ ਚਰਚਾ ਦਾ ਵਿਸ਼ਾ ਰਹੀਆਂ ਹਨ ਕਿ ਉਹ ਸੀਨੀਅਰ ਨੇਤਾਵਾਂ ਦਾ ਮਾਣ ਸਤਿਕਾਰ ਨਹੀਂ ਕਰਦਾ ਅਤੇ ਆਪ ਹੁਦਰੇ ਗਲਤ ਫੈਸਲੇ ਲੈ ਕੇ ਅੱਜ ਸਦੀ ਪੁਰਾਣੀ ਪਾਰਟੀ ਦੀ ਸਾਖ਼ ਨੂੰ ਅੰਤਲੇ ਸਾਹਾਂ ਤੇ ਲਈ ਗਿਆ ਹੈ। 2017 ਵਿਧਾਨ ਸਭਾ ਚੋਣਾਂ ਦੀ ਸ਼ਰਮਨਾਕ ਹਾਰ ਤੋਂ ਬਾਵਜੂਦ ਵੀ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸੇ ਹੰਕਾਰ ਦੇ ਚਲਦਿਆਂ ਹੀ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ 2 ਸਿੰਘਾਂ ਦੀ ਸ਼ਹੀਦੀ ਹੋਈ ਹੈ। ਪਰ ਫੇਰ ਵੀ ਸ਼ਰਮ ਨਾਮ ਦੀ ਚੀਜ਼ ਪ੍ਰਧਾਨ ਸਾਬ ਦੇ ਨੇੜੇ ਤੇੜੇ ਵੀ ਨਹੀਂ ਫੜ੍ਹਕਦੀ। ਤਾਜ਼ਾ ਹੀ ਮਿਸਾਲ ਹੈ ਕਿ ਪਹਿਲਾਂ ਤੇ ਖੇਤੀ ਆਰਡੀਨੈਂਸਾਂ ਦੇ ਪੱਖ ਵਿੱਚ ਵੋਟ ਪਾਉਣੀ, ਫੇਰ ਉਹਨਾਂ ਨੂੰ ਸਹੀ ਤੇ ਫਾਇਦੇਮੰਦ ਸਿੱਧ ਕਰਨ ਲਈ ਪ੍ਰੈੱਸ ਕਾਨਫਰੰਸ ਕਰਨੀ ਪਰ ਜਦੋਂ ਸਭ ਰਾਜਨੀਤਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀ ਵਰਗ ਨੇ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਤੇ ਫੇਰ ਆਪ ਬੇਸ਼ਰਮੀ ਨਾਲ ਯੂ ਟਰਨ ਮਾਰਕੇ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣ ਗਏ। ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪੁਰਾਣੇ ਤੇ ਸਿਆਣੇ ਲੀਡਰਾਂ ਦੇ ਮਾਰਗ ਦਰਸ਼ਨ ਤੇ ਚਲਦਾ ਤਾਂ ਕਦੇ ਵੀ ਉਹ ਮਿਆਰ ਤੋਂ ਡਿੱਗੇ ਸ਼ਬਦ ਅਤੇ ਮਾੜੇ ਫੈਸਲਿਆਂ ਦਾ ਮਾਲਕ ਨਾ ਹੁੰਦਾ ।
ਆਖਰ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਸ਼ਬਦਾਂ ਦੀ ਵਰਤੋਂ ਕਰਨ ਦਾ ਗੁਣ ਘੱਟੋ ਘੱਟ ਇਸ ਉਮਰ ਤੱਕ 'ਤੇ ਸਿੱਖ ਹੀ ਲੈਣਾ ਚਾਹੀਦਾ ਹੈ।