ਹਰਜਿੰਦਰ ਸਿੰਘ ਭੱਟੀ
- ਕਿਸਾਨਾਂ ਵੱਲੋਂ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ : ਡੀ.ਸੀ
- ਨਿਰਵਿਘਨ ਅਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ
- ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਕਰਮਚਾਰੀ ਯਾਰਡਾਂ ਚ ਕੀਤੇ ਤਾਇਨਾਤ
- ਕੋਵਿਡ-19 ਸੁਰੱਖਿਆ ਪ੍ਰੋਟੋਕੋਲਾਂ ਦੀ ਕੀਤੀ ਜਾਵੇਗੀ ਪਾਲਣਾ
ਐਸ.ਏ.ਐਸ. ਨਗਰ, 29 ਸਤੰਬਰ 2020 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਫਸਲ ਦੀ ਖਰੀਦ / ਲਿਫਟਿੰਗ / ਅਦਾਇਗੀ ਦੇ ਕੰਮ ਨੂੰ ਸਮੇਂ ਸਿਰ ਅਤੇ ਨਿਰਵਿਘਨ ਕਰਵਾਉਣ ਲਈ ਜ਼ਿਲ੍ਹੇ ਵਿੱਚ 27 ਮੰਡੀ ਯਾਰਡ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਯਾਰਡਾਂ ਵਿੱਚ ਕਿਸਾਨਾਂ ਵੱਲੋਂ 28 ਸਤੰਬਰ ਤੱਕ 2307 ਮੀਟ੍ਰਿਕ ਟਨ ਝੋਨਾ ਵੇਚਣ ਲਈ ਪੁੱਜਿਆ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੇ ਝੋਨੇ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੋਵਿਡ 19 ਨੂੰ ਮੁੱਖ ਰੁੱਖਦੇ ਹੋਏ ਮੰਡੀਆਂ ਵਿੱਚ ਭੀੜ ਨੂੰ ਘਟਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ ਇਸ ਵਾਰ ਜਿਲ੍ਹੇ ਵਿੱਚ ਖਰੜ, ਚੱਪੜਚਿੜੀ, ਖਰੜ ਚੌਲ ਮਿਲ ਖਰੜ, ਪਿੰਡ ਰੁੜਕੀ, ਦਾਉਂਮਾਜਰਾ, ਭਾਗੋ ਮਾਜਰਾ, ਸਨੇਟਾ, ਕੁਰਾਲੀ, ਅਗਰਵਾਲ ਓਵਰਸੀਅਸ ਕੁਰਾਲੀ, ਖਿਜ਼ਰਾਬਾਦ, ਗੁਰੂ ਕ੍ਰਿਪਾ ਚਾਵਲ ਮਿਲ ਐਗਰੋ ਇੰਡ. ਖਿਜ਼ਰਾਬਾਦ, ਡੇਰਾਬਾਸੀ, ਨਗਲਾ, ਜਵਾਹਰਪੁਰ, ਅਮਲਾਲਾ, ਸਮੋਲੀ, ਲਾਲੜੂ, ਮਹਾ ਲਕਸ਼ਮੀ ਚੌਲ ਮਿਲ ਲਾਲੜੂ, ਸਰਕਾਰੀ ਸਕੂਲ ਸਟੇਡੀਅਮ ਲਾਲੜੂ, ਟਿਵਾਣਾ, ਤਸਿੰਬਲੀ, ਜੈਡੋਤ, ਬਨੂੰੜ,ਅਸ਼ੋਕਾ ਚੌਲ ਮਿਲ, ਆਰ.ਕੇ. ਚੌਲ ਮਿਲ, ਅਗਰਵਾਲ ਚੌਲ ਅਤੇ ਆਮ ਮਿਲ, ਜੈਨ ਰਾਈਸ ਮਿਲ, ਮੰਡੀ ਯਾਰਡ ਸਥਾਪਤ ਕੀਤੇ ਗਏ ਹਨ ਜਿਥੇ ਖਰੀਦ ਪੜਾਅਵਾਰ ਢੰਗ ਨਾਲ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀਆਂ / ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਸਟਾਫ਼ ਲਈ ਲੋੜੀਂਦੇ ਸਾਬਣ, ਸੈਨੇਟਾਈਜ਼ਰ ਅਤੇ ਮਾਸਕਾਂ ਦੀ ਵਿਵਸਥਾ ਕਰਨ ਅਤੇ ਮੰਡੀਆਂ ਵਿੱਚ ਸੋਡੀਅਮ ਹਾਈਪੋਕਲੋਰਾਈਟ ਦਾ ਸਪ੍ਰੇ ਵੀ ਯਕੀਨੀ ਬਣਾਉਣਗੇ। ਮੰਡੀਆਂ ਵਿੱਚ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਵਾਉਣ ਵਿੱਚ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀਜ਼) ਦਾ ਸਹਿਯੋਗ ਲਿਆ ਜਾ ਰਿਹਾ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ ਪੁੱਜੇ ਝੋਨੇ ਵਿੱਚੋਂ ਪਨਗ੍ਰੇਨ ਨੇ 287 ਮੀਟ੍ਰਿਕ ਟਨ, ਮਾਰਕਫੈਡ ਨੇ 910 ਮੀਟ੍ਰਿਕ ਟਨ , ਪਨਸਪ ਨੇ 18 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸਿੰਗ ਕਾਰਪੋਰੇਸ਼ਨ ਨੇ 270 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ । ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਿਰਵਿਘਨ ਅਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਮੰਡੀਆਂ ਵਿੱਚ ਬਣਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ ਲਈ ਪੁਲਿਸ ਕਰਮਚਾਰੀ ਵੀ ਯਾਰਡਾਂ ਚ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਪੱਕੀ ਹੋਈ ਅਤੇ ਸੁੱਕੀ ਫ਼ਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਸੁਚਰੂ ਅਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ।