ਹਰੀਸ਼ ਕਾਲੜਾ
ਰੂਪਨਗਰ, 29 ਸਤੰਬਰ 2020 - ਰੂਪਨਗਰ ਜ਼ਿਲ੍ਹੇ ਦੇ ਪ੍ਰਸਿੱਧ ਕਲੱਬ ਬਾਬਾ ਗਾਜੀਦਾਸ ਵਲੋਂ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ 5ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਦਾ ਉਦਘਾਟਨ ਕਲੱਬ ਦੇ ਐਨ. ਆਰ. ਆਈ. ਚੇਅਰਮੈਨ ਗੁਰਦੇਵ ਸਿੰਘ ਅਟਵਾਲ ਨੇ ਕੀਤਾ ਜਦਕਿ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਖ਼ੂਨਦਾਨੀਆਂ ਦੇ ਬੈਜ ਲਗਾਏ ਅਤੇ ਸਨਮਾਨਿਤ ਕੀਤਾ।
ਉਨ੍ਹਾਂ ਕਲੱਬ ਵਲੋਂ ਕਰਵਾਏ ਜਾਂਦੇ ਅੰਤਰਰਾਸ਼ਟਰੀ ਕਬੱਡੀ ਖੇਡ ਮੇਲੇ ਸਮੇਤ ਖ਼ੂਨਦਾਨ ਕੈਂਪਾਂ, ਵਾਤਾਵਰਨ ਦੀ ਸੰਭਾਲ ਦੇ ਉਪਰਾਲਿਆਂ, ਸ਼ਹੀਦੀ ਜੋੜ ਮੇਲ 'ਚ ਲੰਗਰਾਂ ਦੀਆਂ ਸੇਵਾਵਾਂ ਅਤੇ ਖੇਡਾਂ ਨੂੰ ਪ੍ਰਫੂੱਲਤ ਕਰਨ ਦੀਆਂ ਗਤੀਵਿਧੀਆਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਸਮੇਤ ਪਹੁੰਚੇ ਖ਼ੂਨਦਾਨੀਆਂ, ਇਲਾਕੇ ਦੀਆਂ ਰਾਜਨੀਤਿਕ ਅਤੇ ਸਮਾਜਸੇਵੀ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸ਼ਹੀਦ ਭਗਤ ਸਿੰਘ ਦੀਆਂ ਸਿੱਖਿਆਵਾਂ ਅਤੇ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਬਲੱਡ ਬੈਂਕ ਪੀ. ਜੀ. ਆਈ. ਚੰਡੀਗੜ੍ਹ ਅਤੇ ਬਲੱਡ ਬੈਂਕ ਰੂਪਨਗਰ ਦੇ ਡਾਕਟਰਾਂ ਦੀਆਂ ਟੀਮਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ 6 ਘੰਟੇ ਚੱਲੇ ਖ਼ੂਨਦਾਨ ਕੈਂਪ ਦੌਰਾਨ 227 ਯੂਨਿਟਾਂ ਖ਼ੂਨ ਇਕੱਤਰ ਕਰਨ ਦੀ ਸੇਵਾ ਨਿਭਾਈ। ਇਸ ਮੌਕੇ ਕਲੱਬ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਬੀਤੇ ਸਮੇਂ ਕਰੋਨਾ ਮਹਾਂਮਾਰੀ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਲਈ ਬਹੁਤ ਗਤੀਸ਼ੀਲ ਅਤੇ ਯੋਗ ਅਗਵਾਈ ਨਾਲ ਸੇਵਾ ਦਿੱਤੀਆਂ ਹਨ। ਕੈਂਪ ਦੌਰਾਨ ਖ਼ੂਨਦਾਨੀਆਂ, ਡਾਕਟਰਾਂ ਅਤੇ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਗੁਰੂ ਦੇ ਲੰਗਰ ਵੀ ਅਤੁੱਟ ਵਰਤਾਏ ਗਏ। ਸਮਾਗਮਾਂ ਦੌਰਾਨ ਮੁੱਖ ਸਲਾਹਕਾਰ ਨਰਿੰਦਰ ਸਿੰਘ ਕੰਗ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਸਾ. ਚੇਅਰਮੈਨ ਨਰਿੰਦਰ ਸਿੰਘ ,'ਆਪ' ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਗੁਰਿੰਦਰ ਸਿੰਘ ਸਰਪੰਚ ਰੌਲੂਮਾਜਰਾ, ਬਿੱਟੂ ਬਾਜਵਾ, ਸਰਪੰਚ ਬਲਵਿੰਦਰ ਸਿੰਘ ਚੱਕਲਾਂ, ਸਰਬਜੀਤ ਸਿੰਘ ਚੈੜੀਆਂ, ਸ਼ਿੰਦਰਪਾਲ ਕੌਰ ਰੋਡਮਾਜਰਾ, ਜਸਪਾਲ ਸਿੰਘ ਦਿਓਲ, ਬਲਵਿੰਦਰ ਸਿੰਘ ਬਿੰਦੂ, ਮਲਕੀਤ ਸਿੰਘ ਭਾਗੋਮਾਜਰਾ, ਸੁਖਵਿੰਦਰ ਸਿੰਘ ਗਿੱਲ ਘਾੜ ਕਲੱਬ, ਮੋਹਣਜੀਤ ਸਿੰਘ ਕਮਾਲਪੁਰ, ਹਰਨੇਕ ਸਿੰਘ ਭੂਰਾ, ਜਗਤਾਰ ਸਿੰਘ, ਐਸ. ਐਚ. ਓ. ਸਿਮਰਨਜੀਤ ਸਿੰਘ ਥਾਣਾ ਸਿੰਘ, ਐਸ. ਐਚ. ਓ. ਬਲਜੀਤ ਸਿੰਘ ਵਿਰਕ ਥਾਣਾ ਕੁਰਾਲੀ, ਕੁਲਵੰਤ ਸਿੰਘ ਟਰੈਫ਼ਿਕ ਇੰਚਾਰਜ ਖਰੜ, ਰੁਪਿੰਦਰ ਸਿੰਘ ਰਾਜੂ ਚੇਅਰਮੈਨ ਬਲਾਕ ਸੰਮਤੀ ਅਤੇ ਰਾਜਵੀਰ ਸਿੰਘ ਚੈੜੀਆਂ ਸਮੇਤ ਵੱਡੀ ਗਿਣਤੀ ਸਮਾਜਸੇਵੀ ਅਤੇ ਖ਼ੂਨਦਾਨੀ ਹਾਜ਼ਰ ਸਨ। ਡਾ. ਅਨੀਤਾ ਦੀ ਅਗਵਾਈ ਹੇਠ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਅਤੇ ਡਾ. ਰਾਹੁਲ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਰੂਪਨਗਰ ਬਲੱਡ ਬੈਂਕ ਦੀ ਟੀਮ 'ਚ ਅਮਨਦੀਪ ਸਿੰਘ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਸ਼ਾਮਲ ਸਨ।