- ਸੁਪਰ ਸੀਡਰ ਦੀ ਵਰਤੋਂ ਨਾਲ ਘੱਟ ਖਰਚ 'ਚ ਹੁੰਦੀ ਹੈ ਕਣਕ ਦੀ ਬਿਜਾਈ
ਅਸ਼ੋਕ ਵਰਮਾ
ਮਾਨਸਾ, 29 ਸਤੰਬਰ 2020 - ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਬੜੇ ਘੱਟ ਖਰਚੇ 'ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰ ਇਸ ਨੂੰ ਸਫਲ ਬਣਾਉਣ ਲਈ ਕੁਝ ਜ਼ਰੂਰੀ ਨੁਕਤੇ ਸਮਝਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਐਸ.ਐਮ.ਐਸ. ਵਾਲੀ ਕੰਬਾਇਨ ਨਾਲ ਕਰਨੀ ਚਾਹੀਦੀ ਹੈ। ਐਸ.ਐਮ.ਐਸ. ਉਪਰਲੀ ਪਰਾਲੀ ਨੂੰ ਇਕਸਾਰ ਖੇਤ ਵਿੱਚ ਖਿਲਾਰਦਾ ਹੈ ਜਿਸ ਤੋਂ ਬਾਅਦ ਸੁਪਰ ਸੀਡਰ ਬੜੀ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਉਗਣ ਸ਼ਕਤੀ ਦੇ ਪੱਖੋਂ ਖੇਤ ਦਾ ਵੱਤਰ ਹੋਣਾ ਬਹੁਤ ਜ਼ਰੂਰੀ ਹੈ। ਸੁਪਰ ਸੀਡਰ ਨਾਲ ਕਣਕ ਬੀਜਣ ਲਈ ਪ੍ਰਤੀ ਏਕੜ 50 ਕਿਲੋ ਬੀਜ ਅਤੇ 55 ਕਿਲੋ ਡੀ.ਏ.ਪੀ. ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਕਲੋਰਪਾਈਰੀਫੌਸ 4 ਮਿਲੀਲੀਟਰ ਪ੍ਰਤੀ ਕਿਲੋ ਅਤੇ ਰੈਕਸਿਲ 1 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ। ਬੀਜ ਦੀ ਡੁੰਘਾਈ 3 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕਣਕ ਦੇ ਕਿਆਰੇ ਛੋਟੇ ਰੱਖੋ ਤਾਂ ਜੋ ਪਹਿਲਾਂ ਪਾਣੀ ਹਲਕਾ ਲੱਗੇ। ਪਹਿਲਾ ਪਾਣੀ ਬਿਜਾਈ ਤੋਂ 25-30 ਦਿਨ 'ਤੇ ਲਗਾਉਣਾ ਚਾਹੀਦਾ ਹੈ ਅਤੇ ਪਾਣੀ ਲਾਉਣ ਤੋ ਤੁਰੰਤ ਪਹਿਲਾਂ 45-50 ਕਿਲੋ ਯੂਰੀਆ ਪ੍ਰਤੀ ਏਕੜ ਪਾਉ।
ਇਸ ਲਈ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਹਿੱਤ ਵਿੱਚ ਆਪਣੀ ਨੈਤਿਕ ਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਪਰਾਲੀ ਨੂੰ ਅੱਗ ਨਾ ਲਾਓ ਤੇ ਕੋਰੋਨਾ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਅਤੇ ਇਸ 'ਤੇ ਫਤਿਹ ਪਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਕਿਸਾਨਾਂ ਅੰਦਰ ਸੁਪਰ ਸੀਡਰ ਨਾਲ ਕਣਕ ਬੀਜਣ ਨਾਲ ਝਾੜ ਘੱਟਣ ਜਾਂ ਗੁਲਾਬੀ ਸੁੰਡੀ/ਸੈਨਿਕ ਸੁੰਡੀ ਦਾ ਹਮਲਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਪ੍ਰੰਤੂ ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਸਮੇਂ 'ਤੇ ਕਣਕ ਦੀ ਬਿਜਾਈ ਕਰਾਂਗੇ ਤਾਂ ਅਸੀਂ ਬਿਨ੍ਹਾਂ ਕਿਸੇ ਸਮੱਸਿਆ ਦੇ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪ੍ਰਗਤੀਸ਼ੀਲ ਕਿਸਾਨ
ਸੁਪਰ ਸੀਡਰ ਵਰਤ ਕੇ ਕਣਕ ਦੀ ਕਾਸ਼ਤ ਕਰ ਰਹੇ ਹਨ ਅਤੇ ਬਿਨ੍ਹਾਂ ਪਰਾਲੀ ਸਾੜੇ, ਵਾਤਾਵਰਣ ਨੂੰ ਬਿਨ੍ਹਾਂ ਪ੍ਰਦੂਸ਼ਿਤ ਕੀਤੇ ਜਿੱਥੇ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ, ਉੱਥੇ ਮਿੱਟੀ ਦੀ ਸਿਹਤ ਵੀ ਸੁਧਾਰ ਰਹੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।