ਅਸ਼ੋਕ ਵਰਮਾ
ਮਾਨਸਾ, 29 ਸਤੰਬਰ 2020 - ਕੋਰੋਨਾ ਦੇ ਔਖੇ ਸਮੇਂ ਦੌਰਾਨ ਮਾਨਸਾ ਦੇ ਦੋਨੋਂ ਸਿੱਖਿਆ ਅਧਿਕਾਰੀ ਯਾਦਗਾਰੀ ਸੇਵਾਵਾਂ ਨਿਭਾ ਗਏ। ਸੇਵਾ ਮੁਕਤੀ ਦੇ ਅਖੀਰਲੇ ਮਹੀਨਿਆਂ ਦੌਰਾਨ ਉਨ੍ਹਾਂ ਨੇ ਦਿਨ ਕਟੀ ਦੀ ਥਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਆਨਲਾਈਨ ਸਿੱਖਿਆ, ਨਵੇਂ ਦਾਖਲਿਆਂ ਚ ਰਿਕਾਰਡ ਵਾਧਾ ਅਤੇ ਅਧਿਆਪਕਾਂ ਦੇ ਚਿਰਾਂ ਤੋਂ ਲਟਕੇ ਪਏ ਮਸਲਿਆਂ ਨੂੰ ਹੱਲ ਕਰਕੇ ਉਨ੍ਹਾਂ ਨੂੰ ਤਰੱਕੀਆਂ ਦੇ ਰਾਹ ਪਾਇਆ ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋਂ ਸੁਰਜੀਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋਂ ਸਰਬਜੀਤ ਸਿੰਘ ਧੂਰੀ ਨੇ ਲਗਭਗ ਛੇ ਮਹੀਨੇ ਪਹਿਲਾ ਅਪ੍ਰੈਲ ਮਹੀਨੇ ਦੌਰਾਨ ਇਸ ਜ਼ਿਲ੍ਹੇ ਦਾ ਉਸ ਸਮੇਂ ਕਾਰਜਭਾਗ ਸੰਭਾਲਿਆਂ ,ਜਦੋਂ ਸਕੂਲ ਬੰਦ ਸਨ,ਪਰ ਇਨ੍ਹਾਂ ਅਧਿਕਾਰੀਆਂ ਦੀ ਚੰਗੀ ਅਗਵਾਈ ਸਦਕਾ ਜ਼ਿਲ੍ਹੇ ਅੰਦਰ ਆਨਲਾਈਨ ਸਿੱਖਿਆ ਦੀ ਸਫਲਤਾ ਲਈ ਹਰ ਉਪਰਾਲੇ ਕੀਤੇ ਗਏ, ਜਿੰਨ੍ਹਾਂ ਨੂੰ ਬੂਰ ਵੀ ਪਿਆ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਭਰੋਸਾ ਵੀ ਇਸ ਕਦਰ ਵਧਿਆ, ਕਿ ਨਵੇਂ ਦਾਖਲਿਆਂ ਦੇ ਪਿਛਲੇ ਪੰਜ ਵਰਿਆਂ ਦੇ ਰਿਕਾਰਡ ਮਾਤ ਪੈ ਗਏ, ਪ੍ਰਾਇਮਰੀ ਵਿਭਾਗ 15.16 ਪ੍ਰਤੀਸ਼ਤ ਅਤੇ ਸੈਕੰਡਰੀ ਵਿਭਾਗ ਚ 13 ਪ੍ਰਤੀਸ਼ਤ ਦੇ ਕਰੀਬ ਵੱਡਾ ਵਾਧਾ ਹੋਇਆ। ਸਰਕਾਰੀ ਸਕੂਲਾਂ ਦੇ ਭਵਿੱਖ ਲਈ ਹੋਰ ਵੀ ਸਾਰਥਿਕ ਗੱਲ ਰਹੀ ਕਿ ਮਾਪਿਆਂ ਨੇ ਸਭ ਤੋਂ ਵੱਧ ਭਰੋਸਾ ਪ੍ਰੀ ਪ੍ਰਾਇਮਰੀ ਜਮਾਤਾਂ ਤੇ ਕੀਤਾ, ਜਿਸ ਤਹਿਤ 34.74 ਪ੍ਰਤੀਸ਼ਤ ਦਾ ਰਿਕਾਰਡ ਵਾਧਾ ਹੋਇਆ।
ਕੋਰੋਨਾ ਦੇ ਔਖੇ ਦੌਰ ਦੌਰਾਨ ਪ੍ਰਾਇਮਰੀ ਵਿਭਾਗ ਵਿੱਚ ਜੋ ਵੱਡਾ ਮਸਲਾ ਹੱਲ ਹੋਇਆ, ਉਹ ਅਧਿਆਪਕਾਂ ਦੀਆਂ ਤਰੱਕੀਆਂ ਦਾ ਸੀ,ਜੋ ਪਿਛਲੇ ਲੰਬੇ ਅਰਸੇ ਤੋ ਲਟਕ ਰਿਹਾ ਸੀ ,ਅਨੇਕਾਂ ਅਧਿਕਾਰੀ ਆਏ ਤੇ ਗਏ, ਪਰ ਕਿਸੇ ਨੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਨਾ ਕੀਤੀਆਂ, ਜਿਸ ਕਾਰਨ ਅਨੇਕਾਂ ਅਧਿਆਪਕਾਂ ਨੂੰ ਅਪਣੀਆਂ ਹੱਕੀ ਤਰੱਕੀਆਂ ਤੋਂ ਵਾਂਝੇ ਰਹਿਣਾ ਪਿਆ, ਕਿਉਂਕਿ ਜੋ ਵੀ ਸਿੱਖਿਆ ਅਧਿਕਾਰੀ ਆਏ, ਉਹ ਬਦਲੀ ਕਰਵਾਉਣ ਦੇ ਚੱਕਰ ਚ ਜਾਂ ਫਿਰ ਸੇਵਾ ਮੁਕਤੀ ਨੇੜੇ ਹੋਣ ਕਾਰਨ ਸਮਾਂ ਟਪਾਕੇ ਤੁਰਦੇ ਬਣੇ,ਪਰ ਐਲੀਮੈਂਟਰੀ ਡੀਈਓ ਵਜੋਂ ਕੋਰੋਨਾ ਦੇ ਔਖੇ ਦੌਰ ਚ ਕਾਰਜਭਾਗ ਸੰਭਾਲਦਿਆਂ ਸਰਬਜੀਤ ਸਿੰਘ ਧੂਰੀ ਨੇ ਸੇਵਾ ਮੁਕਤੀ ਨੇੜੇ ਦੀ ਪ੍ਰਵਾਹ ਨਾ ਕਰਦਿਆਂ ਧੜੱਲੇ ਨਾਲ ਸਾਰੀਆਂ ਤਰੱਕੀਆਂ ਕੀਤੀਆਂ। ਅਧਿਆਪਕ ਬਾਗੋਬਾਗ ਹੋ ਗਏ। ਦਫਤਰਾਂ ਵਿੱਚ ਹੋਰ ਜੋ ਪਿਛਲੇ ਲੰਬੇ ਸਮੇਂ ਤੋ ਕੰਮ ਬਕਾਇਆ ਪਏ ਸਨ, ਸਭ ਤੇ ਸਹੀਆਂ ਪਾ ਦਿੱਤੀਆਂ। ਇਮਾਨਦਾਰੀ ਤੇ ਧੜੱਲੇ ਨਾਲ ਦੋਨਾਂ ਦਫਤਰਾਂ ਚ ਹੋਏ ਕੰਮਾਂ ਚ ਕਿਸੇ ਨੇ ਅੜਿੱਕਾ ਲਾਉਣ ਦੀ ਜੁਰਅਤ ਨਹੀਂ ਕੀਤੀ ।
ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਹਰ ਤਰਾਂ ਦੇ ਹੀਲੇ ਵਸੀਲੇ ਵਰਤੇ ਗਏ, ਸਕੂਲਾਂ ਵਿੱਚ ਆਏ ਸਮਾਰਟ ਪ੍ਰੋਜੈਕਟਰਾਂ,ਕਮਰਿਆਂ ਦੀ ਉਸਾਰੀ, ਰੰਗ ਰੋਗਣ, ਬਾਲਾ ਵਰਕ,ਖੂਬਸੂਰਤ ਪਾਰਕ ,ਫਰਨੀਚਰ ਅਤੇ ਹੋਰ ਅਨੇਕਾਂ ਕਾਰਜਾਂ ਸਿੱਖਿਆ ਵਿਭਾਗ ਦੀ ਅਗਵਾਈ ਅਤੇ ਸਿੱਖਿਆ ਅਧਿਕਾਰੀਆਂ ਦੀ ਦੇਖ ਰੇਖ ਚ ਹੋਏ, ਜਿਸ ਕਾਰਨ ਜ਼ਿਲ੍ਹੇ ਦੇ ਬਹੁਤੇ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਗਿਆ।
ਡਿਪਟੀ ਡੀਈਓ ਜਗਰੂਪ ਭਾਰਤੀ ਸੈਕੰਡਰੀ ਵਿਭਾਗ, ਗੁਰਲਾਭ ਸਿੰਘ ਐਲੀਮੈਂਟਰੀ ਵਿਭਾਗ, ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ,ਜ਼ਿਲਾ ਗਾਈਡੈਂਸ ਤੇ ਕਾਉਂਸਲਰ ਨਰਿੰਦਰ ਸਿੰਘ ਮੋਹਲ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦਾ ਇਹ ਪਹਿਲਾ ਕਾਰਜਭਾਗ ਸੀ,ਜਦੋਂ ਅਧਿਆਪਕਾਂ ਦੇ ਹੱਕੀ ਮਸਲਿਆਂ ਨੂੰ ਲੈਕੈ ਕਦੇ ਕੋਈ ਗਿਲਵੇਂ ਸਿਕਵੇਂ ਨਹੀਂ ਹੋਏ,ਸਗੋਂ ਸੰਜੀਦਗੀ ਨਾਲ ਸਾਰੇ ਮਸਲਿਆਂ ਨੂੰ ਹੱਲ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਜੁਲਾਈ 1991 ਵਿੱਚ ਇਸ ਜ਼ਿਲੇ ਦੇ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ ( ਮੁੰਡੇ) ਤੋਂ ਬਤੋਰ ਲੈਕਚਰਾਰ ਇਕਨੋਮਿਕਸ ਸਿੱਖਿਆ ਵਿਭਾਗ ਵਿੱਚ ਅਪਣਾ ਕਾਰਜਕਾਲ ਸ਼ੁਰੂ ਕੀਤਾ ਸੀ ਅਤੇ ਇਸੇ ਜ਼ਿਲੇ ਵਿੱਚ ਹੀ ਉਹ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋ ਅੱਜ ਸੇਵਾ ਮੁਕਤ ਹੋ ਰਹੇ ਹਨ,ਬਾਕੀ ਦਾ ਅਧਿਆਪਨ ਕਾਰਜਕਾਲ ਉਨ੍ਹਾਂ ਦਾ ਅਪਣੇ ਜੱਦੀ ਜ਼ਿਲ੍ਹੇ ਬਠਿੰਡਾ ਚ ਗੁਜਰਿਆ, ਜਿਸ ਤਹਿਤ ਉਹ ਜੁਲਾਈ 1992 ਚ ਉਹ ਸਰਕਾਰੀ ਸੈਕੰਡਰੀ ਸਕੂਲ ਮਹਿਰਾਜ (ਮੁੰਡੇ) ‘ਅਕਤੂਬਰ ਚ ਸਰਕਾਰੀ ਸੈਕੰਡਰੀ ਸਕੂਲ ਭਾਗੀਵਾਂਦਰ, 2005 ਵਿਚ ਬਤੌਰ ਪਿ੍ਰੰਸੀਪਲ ਸਰਕਾਰੀ ਸੈਕੰਡਰੀ ਸਕੂਲ ਕੋਟ ਸ਼ਮੀਰ ਅਤੇ 15 ਅਪ੍ਰੈਲ 2020 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋ ਸੇਵਾਵਾਂ ਨਿਭਾਕੇ ਸੇਵਾ ਮੁਕਤ ਹੋ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ ਨੇ ਅਪਣੇ ਸੰਗਰੂਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਰਾਏ ਧਰਾਣਾ ਤੋ ਸਿੱਖਿਆ ਵਿਭਾਗ ਚ ਸਾਇੰਸ ਮਾਸਟਰ ਵਜੋਂ ਅਪਣਾ ਸਿੱਖਿਆ ਸਫਰ ਸ਼ੁਰੂ ਕੀਤਾ,8 ਸਾਲ ਬਾਅਦ ਬਤੌਰ ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਭਸੌੜ ਵਿਖੇ ਕਾਮਰਸ ਲੈਕਚਰਾਰ ਅਤੇ 2010 ਚ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ ਦੀ ਕਮਾਂਡ ਸੰਭਾਲੀ,2015 ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲੁਧਿਆਣਾ, ਫਿਰ ਬਰਨਾਲਾ ਅਤੇ ਅੱਜ 30 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋਂ ਸੇਵਾ ਨਿਭਾਕੇ ਮਾਨਸਾ ਤੋਂ ਸੇਵਾ ਮੁਕਤ ਹੋ ਰਹੇ ਹਨ।