ਰਵੀ ਜੱਖੂ
ਚੰਡੀਗੜ੍ਹ, 30 ਸਤੰਬਰ 2020 - ਚੰਡੀਗੜ੍ਹ ਦੇ ਸੈਕਟਰ 54 'ਚ ਥਾਣਾ-39 'ਚ ਪੈਂਦੇ ਇਲਾਕੇ 'ਚੋਂ ਇੱਕ ਵਿਅਕਤੀ ਦੀ ਝਾੜੀਆਂ ਵਿਚੋਂ ਲਾਸ਼ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਸੈਕਟਰ-16 ਦੇ ਹਸਪਤਾਲ 'ਚ ਲਾਸ਼ ਨੂੰ ਭੇਜ ਦਿੱਤਾ ਗਿਆ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਵੱਲੋਂ ਸਵੇਰੇ ਜਾਣਕਾਰੀ ਦਿੱਤੀ ਗਈ ਸੀ ਕਿ ਜਦੋਂ ਉਹ ਸਵੇਰੇ ਸੱਤ ਵਜੇ ਦੇ ਕਰੀਬ ਇੱਧਰੋਂ ਲੰਘ ਰਿਹਾ ਸੀ ਤਾਂ ਉਸਨੇ ਝਾੜੀਆਂ ਵਿੱਚ ਇੱਕ ਵਿਅਕਤੀ ਦੀ ਲਹੂ ਨਾਲ ਭਿੱਜੀ ਲਾਸ਼ ਦੇਖਿਆ, ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਡੀਐਸਪੀ ਪਲਕ ਗੋਇਲ, ਥਾਣਾ 39 ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ, ਪਲਸੌਰਾ ਚੌਕੀ ਇੰਚਾਰਜ ਸਬ ਇੰਸਪੈਕਟਰ ਸਤਨਾਮ ਸਿੰਘ ਆਪਣੇ ਟੀਮ ਸਮੇਤ ਮੌਕੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਮੁੱਢਲੀ ਜਾਂਚ ਦੇ ਅਨੁਸਾਰ, ਉਸਦੀ ਉਮਰ 35 ਸਾਲ ਦੇ ਕਰੀਬ ਲੱਗ ਰਹੀ ਹੈ ਅਤੇ ਉਸ ਦੇ ਸਰੀਰ 'ਤੇ ਕਾਫੀ ਜ਼ਖਮਾਂ ਦੇ ਨਿਸ਼ਾਨ ਹਨ, ਖਾਸ ਕਰਕੇ ਉਸਦੇ ਸਿਰ ਅਤੇ ਪਿੱਠ ਪਿੱਛੇ। ਮੁੱਢਲੀ ਜਾਂਚ 'ਚ ਇਹ ਕਤਲ ਲੱਗ ਰਿਹਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।