ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 30 ਸਤੰਬਰ 2020 : ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਪੰਜਾਬੀ ਭਾਸ਼ਾ ਦਾ ਮਾਣ ਸਨਮਾਨ ਬਰਕਰਾਰ ਰੱਖਦਿਆ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਤੇ ਮੇਰਾ ਦਫ਼ਤਰ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਆਪਣੇ ਦਫ਼ਤਰ ਦਾ ਸੰਪੂਰਨ ਕੰਮ ਪੰਜਾਬੀ ਭਾਸ਼ਾ ਵਿਚ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਬਾਬੂਸ਼ਾਹੀ ਨਾਲ ਫੋਨ ਰਾਹੀਂ ਰਾਬਤਾ ਕਰਦਿਆਂ ਕਿਹਾ ਕਿ ਸਾਡੇ ਦਫ਼ਤਰ 'ਚ ਪੰਜਾਬੀ 'ਚ ਹੀ ਪ੍ਰੈਸ ਨੋਟ ਜਾਰੀ ਕੀਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੀਂ ਦਿਨੀਂ ਮੇਅਰ ਦਫ਼ਤਰ ਤੋਂ ਹਿੰਦੀ 'ਚ ਪ੍ਰੈਸ ਨੋਟ ਜਾਰੀ ਹੋਣ ਬਾਰੇ ਖ਼ਬਰਾਂ ਲੱਗ ਰਹੀਆਂ ਸਨ ਪਰ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਡੇ ਦਫ਼ਤਰ ਦਾ ਪੂਰਾ ਸਟਾਫ ਤੇ ਮੈਂ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਹੋਏ ਆਪਣਾ ਪੂਰਾ ਕੰਮਕਾਜ ਤੇ ਪ੍ਰੈੱਸ ਨੋਟ ਪੰਜਾਬੀ ਭਾਸ਼ਾ ਵਿਚ ਹੀ ਜਾਰੀ ਕਰਦੇ ਹਾਂ।
ਰਿੰਟੂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਵਿਸਾਰ ਕੇ ਅਗਰ ਅਸੀਂ ਆਪਣੀ ਜੜਾਂ ਤੋਂ ਟੁੱਟ ਜਾਵਾਂਗੇ। ਇਸ ਲਈ ਉਨ੍ਹਾਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਹਰੇਕ ਕੰਮਕਾਜ ਲਈ ਪੰਜਾਬੀ ਭਾਸ਼ਾ ਨੂੰ ਮੁੱਖ ਰੱਖਦੇ ਹੋਏ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਹੀ ਕੰਮ ਕੀਤਾ ਜਾਵੇ।