ਜਾਗਰੂਕਤਾ ਵਾਹਨ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ
ਜਗਦੀਸ਼ ਥਿੰਦ
ਫ਼ਾਜ਼ਿਲਕਾ, 30 ਸਤੰਬਰ
ਬੁੱਧਵਾਰ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ 6 ਪ੍ਰਚਾਰ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਵਾਹਨ ਜ਼ਿਲੇ ਦੇ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਖੇਤੀਬਾੜੀ ਵਿਭਾਗ ਵੱਲੋਂ ਦੱਸੇ ਗਏ ਤਰੀਕਿਆਂ ਨਾਲ ਪਰਾਲੀ ਦਾ ਨਿਪਟਾਰਾ ਕਰਨ ਲਈ ਵਾਹੀਵਾਨਾਂ ਨੂੰ ਜਾਗਰੂਕ ਕਰਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਲਈ ਹਰ ਕੋਸ਼ਿਸ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਪਿੱਛਲੇ ਤਿੰਨ ਸਾਲਾਂ ਵਿਚ ਜ਼ਿਲੇ ਵਿਚ 2190 ਨਵੀਂਆਂ ਮਸ਼ੀਨਾਂ ਸਬਸਿਡੀ ਤੇ ਉਪਲਬੱਧ ਕਰਵਾਈਆਂ ਗਈਆਂ ਹਨ। ਉਨਾਂ ਨੇ ਕਿਹਾ ਕਿ ਪਰਾਲੀ ਦੀ ਸਹੀ ਤਰੀਕੇ ਨਾਲ ਸੰਭਾਲ ਕੀਤੀ ਜਾਵੇ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਕਿਸਾਨ ਦੀ ਆਮਦਨ ਵਿਚ ਵਾਧੇ ਦਾ ਕਾਰਨ ਬਣਦੀ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੰਬੇ ਸਮੇਂ ਲਈ ਹੰਢਣਸਾਰ ਖੇਤੀ ਮਾਡਲ ਨੂੰ ਸਮਝਣ ਕਿਉਂਕਿ ਸਾਡੀਆਂ ਅਗਲੀਆਂ ਪੀੜੀਆਂ ਨੇ ਵੀ ਇਸੇ ਜਮੀਨ ਤੇ ਖੇਤੀ ਕਰਨੀ ਹੈ। ਇਸ ਲਈ ਲਾਜਮੀ ਹੈ ਕਿ ਅਸੀਂ ਆਪਣੀ ਜਮੀਨ ਦੀ ਸਿਹਤ ਨਾਲ ਖਿਲਵਾੜ ਨਾ ਕਰੀਏ ਅਤੇ ਅੱਗ ਲਗਾ ਕੇ ਜਮੀਨ ਦੇ ਖੁਰਾਕੀ ਤੱਤ ਨਸ਼ਟ ਨਾ ਕਰੀਏ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਖੇਤਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ ਦਾ ਹਰ ਤਰੀਕੇ ਨਾਲ ਮਾਰਗਦਰਸ਼ਨ ਕਰੇ। ਉਨਾਂ ਨੇ ਇਹ ਵੀ ਕਿਹਾ ਕਿ ਇਸ ਸਾਲ ਬਿਨਾਂ ਐਸਐਮਐਸ ਵਾਲੀ ਕੰਬਾਇਨ ਨਾਲ ਝੋਨੇ ਦੀ ਵਾਢੀ ਦੀ ਆਗਿਆ ਨਹੀਂ ਹੋਵੇਗੀ ਅਤੇ ਅਜਿਹੀ ਕੰਬਾਇਨ ਜਬਤ ਕਰ ਲਈ ਜਾਵੇਗੀ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕੇ ਝੋਨੇ ਦੀ ਹੀ ਕਟਾਈ ਕੀਤੀ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ: ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਰੋਨਾ ਦੀ ਮਹਾਮਾਰੀ ਕਾਰਨ ਜਰੂਰੀ ਹੈ ਕਿ ਝੋਨੇ ਦੀ ਪਰਾਲੀ ਨੂੰ ਬਿਲਕੁੱਲ ਨਾ ਸਾੜਿਆ ਜਾਵੇ ਕਿਉਂਕਿ ਇਸ ਨਾਲ ਕੋਵਿਡ ਮਰੀਜਾਂ ਲਈ ਪਰਾਲੀ ਦਾ ਧੂੰਆ ਵੱਡੀ ਸਮੱਸਿਆ ਬਣ ਸਕਦੀ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਪਰਾਲੀ ਪ੍ਰਬੰਧਨ ਨੋਡਲ ਅਫ਼ਸਰ ਸ੍ਰੀ ਸਰਵਨ ਕੁਮਾਰ, ਸ੍ਰੀ ਪਰਮਿੰਦਰ ਸਿੰਘ ਆਦਿ ਵੀ ਹਾਜਰ ਸਨ।