ਕੁਲਵਿੰਦਰ ਸਿੰਘ
ਅੰਮ੍ਰਿਤਸਰ, 30 ਸਤੰਬਰ 2020 - ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮੈਡੀਕਲ ਸੁਪਰੀਡੈਂਟ ਰਮਨ ਸ਼ਰਮਾ ਦੇ ਰਿਟਾਇਰ ਹੋਣ ਤੋਂ ਬਾਅਦ ਡਾ. ਜੇ ਪੀ ਅੱਤਰੀ ਜੋ ਕਿ ਐਨਸਥੀਸੀਆ ਵਿਭਾਗ ਦੇ ਨਾਲ ਸਬੰਧ ਰੱਖਦੇ ਹਨ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ, ਗੁਰੂ ਨਾਨਕ ਦੇਵ ਹਸਪਤਾਲ ਦੇ ਨਵੇਂ ਮੈਡੀਕਲ ਸੁਪਰੀਟੈਂਡੈਂਟ ਬਣਾਏ ਗਏ ਹਨ। ਇਸ ਦੇ ਬਾਰੇ ਇੱਕ ਅਧਿਕਾਰਕ ਚਿੱਠੀ ਵਿਭਾਗ ਦੇ ਡਾਇਰੈਕਟਰ ਡੀ ਕੇ ਤਿਵਾਰੀ ਵੱਲੋਂ ਉਨ੍ਹਾਂ ਨੂੰ ਜਾਰੀ ਕਰ ਦਿੱਤੀ ਗਈ ਹੈ।
ਗੁਰਦਾਸਪੁਰ ਦੇ ਨਾਲ ਸਬੰਧ ਰੱਖਣ ਵਾਲੇ ਡਾ ਅੱਤਰੀ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਡਾਕਟਰੀ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਹੁਣ ਬਤੌਰ ਪ੍ਰੋਫੈਸਰ ਐਨਸਥੀਸੀਆ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਕਾਰਕ ਪੱਤਰ ਮਿਲ ਚੁੱਕਾ ਹੈ ਪਰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ ਰਾਜੀਵ ਦੇਵਗਨ ਦੇ ਨਾਲ ਸਲਾਹ ਤੋਂ ਬਾਅਦ ਉਹ ਅੱਜ ਜਾਂ ਭਲਕੇ ਆਪਣਾ ਨਵਾਂ ਅਹੁਦਾ ਸੰਭਾਲਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਟੀਚਾ ਕਵਿਡ ਦੇ ਮਰੀਜ਼ਾਂ ਦੀ ਸਹੀ ਦੇਖਭਾਲ ਅਤੇ ਪ੍ਰਬੰਧ ਦੀਆਂ ਖਾਮੀਆਂ ਨੂੰ ਦੂਰ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਸਪਤਾਲ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਫੀਡਬੈਕ ਲਏ ਜਾਣ ਤੋਂ ਬਾਅਦ ਜਿਸ ਸੁਧਾਰ ਦੀ ਵੀ ਜ਼ਰੂਰਤ ਹੋਵੇਗੀ ਉਹ ਫੌਰੀ ਤੌਰ 'ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।