ਹਰਜਿੰਦਰ ਸਿੰਘ ਭੱਟੀ
- ਮਠਿਆਈ ਦੁਕਾਨਦਾਰਾਂ ਨੂੰ ਦਰਸਾਉਣੀ ਪਵੇਗੀ ਮਠਿਆਈ ਦੀ ਮਿਆਦ ਦੀ ਤਰੀਕ : ਜ਼ਿਲ੍ਹਾ ਸਿਹਤ ਅਫ਼ਸਰ
- 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ, ਦੁਕਾਨਦਾਰਾਂ ਕੋਲੋਂ ਮੰਗਿਆ ਸਹਿਯੋਗ
ਐਸ.ਏ.ਐਸ ਨਗਰ, 30 ਸਤੰਬਰ 2020 - ਫ਼ੂਡ ਸੇਫ਼ਟੀ ਕਾਨੂੰਨ ਤਹਿਤ ਹੁਣ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁੱਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤੱਕ ਖਾਣ ਯੋਗ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ ਨੇ ਦਸਿਆ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਦਾਰੇ 'ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ' ਵਲੋਂ 1 ਅਕਤੂਬਰ ਤੋਂ ਇਹ ਨਿਯਮ ਸਾਰੇ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਹਕ ਨੂੰ ਪਤਾ ਨਹੀਂ ਹੁੰਦਾ ਕਿ ਮਠਿਆਈ ਦੀ ਮਿਆਦ ਕਿੰਨੀ ਹੈ ਜਾਂ ਕਿਹੜੀ ਤਰੀਕ ਤਕ ਉਸ ਦਾ ਮਿਆਰ ਸਹੀ ਰਹਿੰਦਾ ਹੈ ਜਦਕਿ ਖਾਣ-ਪੀਣ ਦੀਆਂ ਹੋਰ ਬਹੁਤੀਆਂ ਚੀਜ਼ਾਂ ਉਤੇ 'ਬੈਸਟ ਬਿਫ਼ੋਰ ਡੇਟ' ਲਿਖਿਆ ਹੁੰਦਾ ਹੈ। ਉਨ੍ਹਾਂ ਦਸਿਆ ਕਿ ਹੁਣ ਦੁਕਾਨਦਾਰ ਮਠਿਆਈ ਦੀ ਕਿਸਮ ਮੁਤਾਬਕ ਉਸ ਦੀ ਮਿਆਦ ਦੀ ਤਰੀਕ ਲਿਖਣਗੇ ਤਾਕਿ ਗਾਹਕ ਨੂੰ ਪਤਾ ਲੱਗ ਸਕੇ ਕਿ ਇਸ ਤਰੀਕ ਤੋਂ ਬਾਅਦ ਮਠਿਆਈ ਨੂੰ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਅਤੇ ਉਹ ਤਰੀਕ ਵੇਖ ਕੇ ਹੀ ਮਠਿਆਈ ਖ਼ਰੀਦ ਸਕਣਗੇ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਦੁਕਾਨਦਾਰ ਅਪਣੀ ਇੱਛਾ ਮੁਤਾਬਕ ਮਠਿਆਈ ਨੂੰ ਬਣਾਉਣ ਦੀ ਤਰੀਕ ਵੀ ਲਿਖ ਸਕਦੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਜਾਂ ਹਲਵਾਈ ਤੈਅ ਸਮੇਂ ਤੋਂ ਪਹਿਲਾਂ ਯਾਨੀ ਬੈਸਟ ਬਿਫ਼ੋਰ ਡੇਟ ਸਥਾਨਕ ਹਾਲਤਾਂ ਜਿਵੇਂ ਤਾਪਮਾਨ, ਨਮੀ ਆਦਿ ਨੂੰ ਵੇਖ ਕੇ ਦਰਸਾਉਣਗੇ ਤੇ ਵੱਖ ਵੱਖ ਤਰ੍ਹਾਂ ਦੀਆਂ ਮਠਿਆਈਆਂ ਦੀ ਅੰਦਾਜ਼ਨ 'ਸ਼ੈੱਲ ਲਾਈਫ਼' ਐਫ਼.ਐਸ.ਐਸ.ਏ.ਆਈ. ਦੀ ਵੈਬਸਾਈਟ 'ਤੇ ਉਪਲਭਧ ਹੈ। ਡਾ. ਸ਼ਰਮਾ ਨੇ ਕਿਹਾ ਕਿ ਤਰੀਕ ਦਰਸਾਉਣ ਦਾ ਮੰਤਵ ਲੋਕਾਂ ਦੀ ਸਿਹਤ ਸੁਰੱਖਿਆ ਹੈ ਤਾਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਠਿਆਈ ਉਹ ਖ਼ਰੀਦ ਰਹੇ ਹਨ, ਉਹ ਮਿਆਦ-ਪੁੱਗੀ ਤਾਂ ਨਹੀਂ ਜਾਂ ਉਹ ਕਿਹੜੀ ਤਰੀਕ ਤਕ ਖਾਣ ਯੋਗ ਹੈ। ਉਨ੍ਹਾਂ ਕਿਹਾ ਕਿ ਮਠਿਆਈਆਂ ਵਿਚ ਕੁਝ ਸਮੇਂ ਬਾਅਦ ਉੱਲੀ, ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਮਠਿਆਈ ਨੂੰ ਖ਼ਰਾਬ ਕਰ ਦਿੰਦੇ ਹਨ। ਜ਼ਿਲ੍ਹਾ ਸਿਹਤ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਮਠਿਆਈ ਬਣਾਉਣ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਕਿਸੇ ਜਾਣਕਾਰੀ ਲਈ ਉਨ੍ਹਾਂ ਨਾਲ ਮੋਬਾਈਲ ਨੰਬਰ 98766 43047 'ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਹ ਜਿਥੋਂ ਵੀ ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦ ਰਹੇ ਹਨ, ਉਥੇ ਪੂਰੀ ਸਾਫ਼-ਸਫ਼ਾਈ ਹੋਵੇ ਅਤੇ ਉਹ ਸਫ਼ਾਈ ਦੀ ਘਾਟ ਹੋਣ 'ਤੇ ਖ਼ੁਦ ਵੀ ਦੁਕਾਨਦਾਰਾਂ ਨੂੰ ਸਫ਼ਾਈ ਰੱਖਣ ਲਈ ਕਹਿਣ। ਡਾ. ਸ਼ਰਮਾ ਨੇ ਕਿਹਾ ਕਿ ਇਹ ਨਵਾਂ ਨਿਯਮ ਬਣਾਉਣ ਦਾ ਮੰਤਵ ਕਿਸੇ ਦੁਕਾਨਦਾਰ ਨੂੰ ਤੰਗ-ਪਰੇਸ਼ਾਨ ਕਰਨਾ ਨਹੀਂ ਸਗੋਂ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਉਨ੍ਹਾਂ ਦਾ ਸਹਿਯੋਗ ਲੈਣਾ ਹੈ।