ਅਸ਼ੋਕ ਵਰਮਾ
ਬਠਿੰਡਾ, 30 ਸਤੰਬਰ 2020 - ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਦੀ ਸੇਵਾ ਮੁਕਤੀ ਦਾ ਸਮਾਗਮ ਅੱਜ ਯਾਦਗਾਰੀ ਹੋ ਨਿਬੜਿਆ ਹੈ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਕੂਲ ਸਟਾਫ ਵੱਲੋਂ ਸੋਨੇ ਦੀ ਮੁੰਦਰੀ ਪਾਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਸਕੂਲ ਸਟਾਫ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ ਲਈ ਕੀਤੇ ਹੱਕੀ ਸੰਘਰਸ਼ਾਂ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਿੱਖਿਆ ਖੇਤਰ ਵਿੱਚ 32 ਸਾਲ 2 ਮਹੀਨੇ ਅਤੇ 20 ਦਿਨ ਦੀ ਸਾਨਦਾਰ ਸੇਵਾ ਨਿਭਾ ਚੁੱਕੇ ਚਰਨਜੀਤ ਸਿੰਘ ਨੇ ਲੰਬਾ ਸਮਾਂ ਕੁਲਹਿਰੀ ਪਿੰਡ ਵਿੱਚ ਸੇਵਾਵਾਂ ਦੇਣ ਤੋਂ ਬਾਅਦ ਦਾਤੇਵਾਸ ਅਤੇ ਫਿਰ ਦੋਦੜਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਮਾਨ ਸੰਭਾਲੀ। ਸਕੂਲ ਸਟਾਫ ਵੱਲੋਂ ਰੱਖੇ ਗਏ ਪ੍ਰੋਗਰਾਮ ਦੌਰਾਨ ਉਹਨਾਂ ਦੱਸਿਆ ਕਿ ਇਸ ਸਕੂਲ ਨਾਲ ਉਹਨਾਂ ਦਾ ਇੱਕ ਅਟੁੱਟ ਰਿਸ਼ਤਾ ਬਣ ਚੁੱਕਾ ਹੈ ਜਿਸ ਨੂੰ ਉਹ ਕਦੀ ਵੀ ਭੁੱਲ ਨਹੀਂ ਸਕਦੇ।
ਆਪਣੇ ਸਕੂਲ ਸਟਾਫ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਕਰਕੇ ਕਾਫੀ ਸਮਾਂ ਪਹਿਲਾਂ ਅਗੇਤੀ ਸੇਵਾਮੁਕਤੀ ਲੈਣ ਜਾ ਰਹੇ ਸਨ, ਪ੍ਰੰਤੂ ਸਟਾਫ ਵੱਲੋਂ ਦਿੱਤੀ ਹੱਲਾਸ਼ੇਰੀ ਨੇ ਉਨ੍ਹਾਂ ਨੂੰ ਐਨਾ ਹੌਂਸਲਾ ਦਿੱਤਾ ਕਿ ਅੱਜ ਉਹ ਪੂਰੀ ਸੇਵਾ ਨਿਭਾਕੇ ਰਿਟਾਇਰ ਹੋਏ ਹਨ। ਇਸ ਮੌਕੇ ਸਕੂਲ ਸਟਾਫ ਦੇ ਮੈਂਬਰ ਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਜਿੱਥੇ ਚਰਨਜੀਤ ਸਿੰਘ ਨੇ ਲੰਬਾ ਸਮਾਂ ਗੌਰਮਿੰਟ ਟੀਚਰ ਯੂਨੀਅਨ ਵਿੱਚ ਕੰਮ ਕਰਦਿਆ ਅਧਿਆਪਕ ਹੱਕੀ ਮੰਗਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ, ਉੱਥੇ ਸਿੱਖਿਆ ਵਿਭਾਗ ਵਿੱਚ ਇਹਨਾਂ ਨੇ ਆਪਣੀ ਇੱਕ ਖਾਸ ਪਹਿਚਾਣ ਬਣਾਈ। ਉਹਨਾਂ ਭਾਵੁਕ ਹੁੰਦਿਆ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਚਰਨਜੀਤ ਸਿੰਘ ਨੇ ਹੀ ਉਹਨਾਂ ਨੂੰ ਸਕੂਲ ਵਿੱਚ ਜੁਆਇੰਨ ਕਰਵਾਇਆ ਸੀ ਤੇ ਅੱਜ ਉਹ ਆਪ ਆਪਣੇ ਹੱਥੀ ਉਹਨਾਂ ਨੂੰ ਫਾਰਗੀ ਰਿਪੋਰਟ ਦੇ ਰਹੇ ਹਨ।
ਸਕੂਲ ਦੇ ਸਟਾਫ ਮੈਂਬਰਾਂ ਜਸਵਿੰਦਰ ਕੌਰ ਭਾਦੜਾ, ਸੁਰਿੰਦਰਪਾਲ ਕੌਰ ਬੁਢਲਾਡਾ, ਨੇਹਾ ਰਾਣੀ ਬਰੇਟਾ, ਬਿਹਾਰਾ ਸਿੰਘ ਦੋਦੜਾ ਤੇ ਰੀਨਾ ਦੇਵੀ ਕਣਕਵਾਲ ਭੰਗੂਆ ਨੇ ਦੱਸਿਆ ਕਿ ਦੋਵੇਂ ਬੇਟੇ ਬਹੁਤ ਹੀ ਹਾੁਨਰਮੰਦ ਹਨ ਖਾਸ ਤੌਰ ਤੇ ਛੋਟਾ ਫਿਜ਼ਿਕਸ ਦਾ ਵਿਸ਼ਾ ਮਾਹਰ ਹੈ ਜਿਸ ਕੋਲ ਵੱਡੀ ਗਿਣਤੀ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਲਈ ਆਉਂਦੇ ਹਨ। ਇਸ ਸਮਾਗਮ ਦੌਰਾਨ ਸਕੂਲ ਦੇ ਪੁਰਾਣੇ ਸਟਾਫ ਮੈਂਬਰਾਂ ਦਵਿੰਦਰ ਕੌਰ, ਗੀਤਾ ਰਾਣੀ, ਕੁਲਵਿੰਦਰ ਬੱਛੂਆਣਾ, ਪੰਕਜ ਕੁਮਾਰ, ਕੁਲਵਿੰਦਰ ਬੁਢਲਾਡਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਪ੍ਰਵੀਨ ਰਾਣੀ ਜੋ ਕਿ ਆਪਣੀਆਂ ਪ੍ਰਮੋਸਨਾਂ, ਪੱਕੀਆਂ ਨੌਕਰੀਆਂ, ਬਦਲੀਆਂ ਕਰਵਾ ਕੇ ਵਿਦਾ ਹੋ ਚੁੱਕੇ ਹਨ, ਨੂੰ ਵੀ ਯਾਦ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਰਬਜੀਤ ਸਿੰਘ ਧੂਰੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ, ਸੈਂਟਰ ਹੈੱਡ ਟੀਚਰ ਰਾਮਪਾਲ ਸਿੰਘ ਗੜੱਦੀ ਅਤੇ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਨੂੰ ਮਾਣਮੱਤੀ ਸੇਵਾ ਨਿਭਾਉਣ ਤੇ ਵਿਸੇਸ ਵਧਾਈ ਦਿੱਤੀ। ਇਸ ਮੌਕੇ ਚਰਨਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ, ਬੇਟਾ ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ, ਨੂੰਹ ਰਮਨਪ੍ਰੀਤ ਕੌਰ ਤੇ ਤਰਨਜੋਤ ਕੌਰ, ਪੋਤਰੇ ਜਸ਼ਨਪ੍ਰੀਤ ਸਿੰਘ ਤੇ ਜਸਕੀਰਤ ਸਿੰਘ ਹਾਜਰ ਸਨ।