ਹਰੀਸ਼ ਕਾਲੜਾ
ਰੂਪਨਗਰ, 30 ਸਤੰਬਰ 2020 - ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਸ਼ੁਰੂ ਕੀਤੇ ਗਏ ਨਵੇਂ ਵਿਸ਼ਾ 'ਸਵਾਗਤ ਜ਼ਿੰਦਗੀ' ਜਿੱਥੇ ਵਿਦਿਆਰਥੀਆਂ ਨੂੰ ਜਿਉਣ ਦਾ ਹੁਨਰ ,ਜਜ਼ਬਾ,ਨਵੀਂ ਦਿਸ਼ਾ, ਨਵੀਆਂ ਉਮੰਗਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਗਿਆਨ ਦੇਵੇਗਾ ਉੱਥੇ ਵਿਦਿਆਰਥੀਆਂ ਨੂੰ ਸਕੂਲ ਦੀ ਸਾਂਭ-ਸੰਭਾਲ ਅਤੇ ਸਾਂਝ ਪੈਦਾ ਕਰਨ ਵਾਲੀ ਇੱਕ ਕੜੀ ਦਾ ਕੰਮ ਕਰੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ (ਸੈ.) ਰਾਜ ਕੁਮਾਰ ਖੋਸਲਾ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਲਈ ਵੱਖ-ਵੱਖ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਜਿਲ੍ਹਾ ਸਿੱਖਿਆ ਅਫਸਰ (ਐਲੀ.) ਜਰਨੈਲ ਸਿੰਘ ਨੇ ਦੱਸਿਆ ਕਿ 'ਸਵਾਗਤ ਜ਼ਿੰਦਗੀ' ਵਿਸ਼ੇ ਸਬੰਧੀ 3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ ਰਾਹੀਂ ਵਿਸ਼ੇਸ਼ ਲੈਕਚਰਾਰ ਸ਼ੁਰੂ ਕੀਤੇ ਜਾ ਰਹੇ ਹਨ। ਜਿੰਨ੍ਹਾਂ ਰਾਹੀਂ ਵਿਭਾਗ ਦੇ ਮਾਹਿਰ ਵੱਖ-ਵੱਖ ਪਾਠਾਂ ਦੀ ਪੇਸ਼ਕਾਰੀ ਕਰਨਗੇ। ਪ੍ਰਿੰ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਵਿਸ਼ੇ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿੱਚ ਸਕੂਲ ਦੀ ਮਹੱਤਤਾ ਨੂੰ ਇਸ ਪ੍ਰਕਾਰ ਬਾਖੂਬੀ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਸਕੂਲ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਦਾ ਜ਼ੇਰਾ ਰੱਖਣ ਦੇ ਕਾਬਿਲ ਬਣਾਉਂਦਾ ਹੈ? ਬੀ.ਪੀ.ਈ.ਓ. ਕਮਲਜੀਤ ਭੱਲੜੀ ਦਾ ਕਹਿਣਾ ਹੈ ਕਿ 'ਸਵਾਗਤ ਜ਼ਿੰਦਗੀ' ਪਾਠ ਪੁਸਤਕ ਵਿਦਿਆਰਥੀਆਂ ਨੂੰ ਸਕੂਲ ਸਿਰਫ਼ ਇੱਕ ਇਮਾਰਤ ਹੋਣ ਦੀ ਸੀਮਤ ਸੋਚ ਤੋਂ ਅਜ਼ਾਦ ਕਰਦੀ ਹੋਈ ਸਕੂਲ ਨਾਲ ਸਬੰਧਿਤ ਹਰ ਪ੍ਰਕਾਰ ਦੀ ਸੰਪਤੀ ਦੀ ਸਾਂਭ-ਸੰਭਾਲ ਅਤੇ ਹਰ ਸਖ਼ਸ਼ ਪ੍ਰਤੀ ਚੰਗੀ ਸੋਚ ਅਪਣਾਉਣ ਦੀ ਸਿੱਖਿਆ ਦੇਵੇਗੀ। ਜਿਸ ਨਾਲ ਵਿਦਿਆਰਥੀਆਂ ਦੀ ਸਖ਼ਸ਼ੀਅਤ ਵਿੱਚ ਚੰਗੇ ਗੁਣਾਂ ਦਾ ਸੰਚਾਰ ਹੋਵੇਗਾ ਅਤੇ ਉਹ ਸਕੂਲੀ ਜੀਵਨ ਤੋਂ ਬਾਅਦ ਵੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਜਾ ਕੇ ਆਪਣੇ ਚੰਗੇ ਸੰਸਕਾਰਾਂ ਦੀ ਤਸਵੀਰ ਪੇਸ਼ ਕਰਨਗੇ। ਮਾ. ਪਰਮਜੀਤ ਕੁਮਾਰ ਜਿੰਦਵੜੀ ਸਟੇਟ ਅਵਾਰਡੀ ਨੇ ਕਿਹਾ ਕਿ ਸਮੂਹ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਇਸ ਨਵੇਂ ਵਿਸ਼ੇ ਨੂੰ ਪਾਠਕ੍ਰਮ ਵਿੱਚ ਜੋੜਨ ਦੇ ਕਦਮ ਨੂੰ ਸਿੱਖਿਆ ਵਿਭਾਗ ਦੀ ਅਹਿਮ ਅਤੇ ਨਿਵੇਕਲੀ ਪਹਿਲਕਦਮੀ ਕਿਹਾ ਜਾ ਰਿਹਾ ਹੈ।