ਹਰਜਿੰਦਰ ਸਿੰਘ ਭੱਟੀ
- ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 3262 ਮੀਟਰਿਕ ਝੋਨੇ ਦੀ ਕੀਤੀ ਗਈ ਖਰੀਦ
- ਮੰਡੀ ਯਾਰਡਾਂ ਵਿੱਚ ਕੋਵਿਡ -19 ਦੇ ਮੱਦੇ ਨਜ਼ਰ ਸੁਰੱਖਿਆ ਬਚਾੳ ਦਾ ਕੀਤਾ ਯੋਗ ਪ੍ਰਬੰਧ
ਐਸ.ਏ.ਐਸ. ਨਗਰ, 30 ਸਤੰਬਰ 2020 - ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਝੋਨੇ ਦੀ ਫਸਲ ਖਰੀਦ ਕਰਨ ਲਈ ਸਥਾਪਿਤ ਕੀਤੇ ਮੰਡੀ ਯਾਰਡਾਂ ਵਿੱਚ 29 ਸਤੰਬਰ ਤੱਕ 3937 ਮੀਟ੍ਰਿਕ ਝੋਨਾ ਪੁੱਜਿਆ । ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਨੇ 3262 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੰਡੀਆਂ ਵਿੱਚ ਪੁੱਜੇ ਝੋਨੇ ਵਿੱਚੋਂ ਪਨਗ੍ਰੇਨ ਨੇ 808 ਮੀਟ੍ਰਿਕ ਟਨ, ਮਾਰਕਫੈਡ ਨੇ 1600 ਮੀਟ੍ਰਿਕ ਟਨ , ਪਨਸਪ ਨੇ 300 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸਿੰਗ ਕਾਰਪੋਰੇਸ਼ਨ ਨੇ 554 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ । ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਿਰਵਿਘਨ ਅਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਮੰਡੀਆਂ ਵਿੱਚ ਬਣਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਪੱਕੀ ਹੋਈ ਅਤੇ ਸੁੱਕੀ ਫ਼ਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਸੁਚਰੂ ਅਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਕਿਸਾਨ ਇਹ ਵੀ ਯਕੀਨੀ ਬਣਾਉਣ ਕਿ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਉਹ ਝੋਨੇ ਦੀ ਪਰਾਲੀ / ਰਹਿੰਦ ਨੂੰ ਅੱਗ ਨਹੀਂ ਲਗਾਉਣਗੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ / ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਸਟਾਫ਼ ਲਈ ਲੋੜੀਂਦੇ ਸਾਬਣ, ਸੈਨੇਟਾਈਜ਼ਰ ਅਤੇ ਮਾਸਕਾਂ ਦੀ ਵਿਵਸਥਾ ਕਰਨ ਅਤੇ ਮੰਡੀਆਂ ਵਿੱਚ ਸੋਡੀਅਮ ਹਾਈਪੋਕਲੋਰਾਈਟ ਦਾ ਸਪ੍ਰੇ ਵੀ ਯਕੀਨੀ ਬਣਾਉਣਗੇ। ਮੰਡੀਆਂ ਵਿੱਚ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਵਾਉਣ ਵਿੱਚ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀਜ਼) ਦਾ ਸਹਿਯੋਗ ਲਿਆ ਜਾ ਰਿਹਾ ਹੈ ।