- ਮੁੱਖ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਰਾਜ ਭਰ ਵਿੱਚ ਬਲਾਕ ਪੱਧਰ 'ਤੇ ਮਾਡਲ ਖੇਡ ਮੈਦਾਨ ਤਿਆਰ ਕਰਨ ਦੇ ਪ੍ਰੋਜੈਕਟ ਦਾ ਕਰਨਗੇ ਆਗਾਜ਼
ਜਲੰਧਰ, 30 ਸਤੰਬਰ 2020 - ਜ਼ਿਲ੍ਹੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ 60 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਬਲਾਕ ਵਿੱਚ ਇਕ ਮਾਡਲ ਖੇਡ ਮੈਦਾਨ ਤਿਆਰ ਕੀਤਾ ਜਾਵੇਗਾ, ਜਿਸ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ 2 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਨੇ ਬੁੱਧਵਾਰ ਨੂੰ ਮਾਡਲ ਖੇਡ ਮੈਦਾਨ ਦੇ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੁਲਾਈ ਮੀਟਿੰਗ ਵਿੱਚ ਪ੍ਰਗਟ ਦਿੱਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਮਾਡਲ ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਰਕਿੰਗ ਟਰੈਕ, ਸੋਲਰ ਲਾਈਟਾਂ, ਐਥਲੈਟਿਕਸ ਟਰੈਕ, ਕਬੱਡੀ ਤੇ ਵਾਲੀਬਾਲ ਮੈਦਾਨ ਆਦਿ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ 11 ਮਾਡਲ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਹਰੇਕ ਬਲਾਕ ਵਿੱਚ 5-5 ਖੇਡ ਮੈਦਾਨ ਬਣਾਉਣ ਦਾ ਪ੍ਰਸਤਾਵ ਹੈ।
ਏਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮਾਰੋਹ ਦੀ ਅਗਵਾਈ ਕਰਨਗੇ। ਇਸੇ ਤਰ੍ਹਾਂ ਬਲਾਕ ਪੱਧਰ 'ਤੇ ਵੀ ਵੀਡੀਓ ਕਾਨਫਰੰਸ ਰਾਹੀਂ ਇਨ੍ਹਾਂ ਖੇਡ ਮੈਦਾਨਾਂ ਦੇ ਵਰਚੂਅਲ ਉਦਘਾਟਨ ਸਮਾਰੋਹ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਆਦਮਪੁਰ, ਭੋਗਪੁਰ, ਜਲੰਧਰ ਈਸਟ, ਜਲੰਧਰ ਵੈਸਟ, ਲੋਹੀਆਂ, ਮਹਿਤਪੁਰ, ਨਕੋਦਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਤੇ ਸ਼ਾਹਕੋਟ ਵਿਖੇ ਇਕ-ਇਕ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ।
ਏਡੀਸੀ ਜਸਬੀਰ ਸਿੰਘ ਨੇ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣ ਲਈ ਕਿਹਾ। ਇਸ ਮੌਕੇ ਐਸਡੀਐਮ ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡੀਈਓ ਹਰਿੰਦਰਪਾਲ ਸਿੰਘ, ਰਾਮਪਾਲ ਅਤੇ ਹੋਰ ਮੌਜੂਦ ਸਨ।