ਅਸ਼ੋਕ ਵਰਮਾ
ਚੰਡੀਗੜ੍ਹ, 30 ਸਤੰਬਰ 2020 - ਪੰਜਾਬ ਦੀਆਂ 31 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ 3 ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਐਕਟ ਖ਼ਿਲਾਫ਼ ਵੀਰਵਾਰ ਤੋਂ ਅਣਮਿੱਥੇ ਸਮੇਂ ਤੱਕ ਰੇਲ-ਰੋਕੋ ਅੰਦਲੋਨ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ- (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ ‘ਚ ਰੇਲਵੇ-ਲਾਇਨਾਂ ‘ਤੇ ਲੱਗਣ ਵਾਲ਼ੇ ਧਰਨਿਆਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਥੇਬੰਦੀਆਂ ਵੱਲੋਂ ਭਾਜਪਾ ਦੇ ਪ੍ਰਮੁੱਖ ਆਗੂਆਂ ਸਵੇਤ ਮਲਿਕ ਅੰਮਿ੍ਰਤਸਰ, ਸੁਖਪਾਲ ਨੰਨੂ, ਫਿਰੋਜ਼ਪੁਰ ਅਤੇ ਸੋਮ ਨਾਥ, ਫਗਵਾੜਾ ਦੇ ਘਰਾਂ ਤੇ ਦਫਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਉੱਤਰ-ਦੱਖਣ-ਪੂਰਬ ਪੱਛਮ ਕਿਸੇ ਪਾਸਿਓਂ ਵੀ ਰੇਲਾਂ ਦਾ ਦਾਖ਼ਲਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਇਕਾਈਆਂ ਵੱਲੋਂ ਲੰਗਰ ਲਈ ਘਰੋ-ਘਰੀਂ ਰਸਦ ਇਕੱਠੀ ਕੀਤੀ ਗਈ ਹੈ ਅਤੇ ਨੁੱਕੜ-ਨਾਟਕਾਂ, ਸੰਗੀਤ-ਮੰਡਲੀਆਂ ਅਤੇ ਗੱਡੀਆਂ ਤੇ ਮਾਰਚਾਂ ਰਾਹੀਂ ਪ੍ਰਚਾਰ ਕਰਦਿਆਂ ਲੋਕਾਂ ਨੂੰ ਅੰਦੋਲਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਨੇ ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਅੰਬਾਨੀਆਂ-ਅਡਾਨੀ ਸਮੇਤ ਸਮੂਹ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਦੇ ਬਾਈਕਾਟ ਦੇ ਸੱਦੇ ਨੂੰ ਹੋਰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਗ੍ਰਾਮ-ਸਭਾਵਾਂ ਵੱਲੋਂ ਰਾਸ਼ਟਰਪਤੀ ਨੂੰ ਮਤੇ ਭੇਜਣੇ ਵੀ ਜਾਰੀ ਹਨ।