ਚੰਡੀਗੜ੍ਹ ਦੇ ਬਾਰਡਰ ਕੀਤੇ ਸੀਲ,, ਅਕਾਲੀ ਦਲ ਦੇ ਕਿਸਾਨ ਮਾਰਚ ਨੂੰ ਰੋਕਣ ਲਈ ਪੁਲਿਸ ਪੱਬਾਂ ਭਾਰ
ਕੁਲਜਿੰਦਰ ਸਰਾ
ਚੰਡੀਗੜ੍ਹ, 1 ਅਕਤੂਬਰ, 2020 : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਤਿੰਨ ਤਖਤਾਂ ਤੋਂ ਸ਼ੁਰੂ ਕੀਤੇ ਕਿਸਾਨ ਮਾਰਚ ਜੋ ਇਥੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਰਿਹਾਇਸ਼ ਰਾਜ ਭਵਨ ਤੱਕ ਲੈ ਕੇ ਆਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ।
ਐਸ ਐਸ ਪੀ ਕੁਲਦੀਪ ਚਾਹਲ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਸ਼ਹਿਰ ਵਿਚ ਧਾਰਾ 144 ਲਾਗੂ ਹੈ ਤੇ ਬਿਨਾਂ ਪ੍ਰਵਾਨਗੀ ਕੋਈ ਮਾਰਚ ਨਹੀਂ ਕੱਢਿਆ ਜਾ ਸਕਦਾ। ਉਹਨਾਂ ਕਿਹਾ ਕਿ ਅਸੀਂ ਪੁਖ਼ਤਾ ਇੰਤਜ਼ਾਮ ਕੀਤੇ ਹਨ ਤੇ ਕੋਈ ਮਾਰਚ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੀਮਤ ਆਗੂਆਂ ਨੂੰ ਮੈਮੋਰੰਡਮ ਦੇਣ ਦੀ ਆਗਿਆ ਦੇਣ ਦਾ ਫੈਸਲਾ ਮੌਕੇ ਦੇ ਹਾਲਾਤ ਅਨੁਸਾਰ ਲਿਆ ਜਾਵੇਗਾ ਪਰ ਸ਼ਹਿਰ ਵਿਚ ਇਹ ਕਿਸਾਨ ਮਾਰਚ ਦਾਖਲ ਨਹੀਂ ਹੋਣ ਦਿੱਤੇ ਜਾਣਗੇ।
ਯਾਦ ਰਹੇ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਊ ਚੰਡੀਗੜ੍ਹ ਵਾਲੇ ਪਾਸਿਓਂ ਤੇ ਹਰਸਿਮਰਤ ਕੌਰ ਬਾਦਲ ਨੇ ਜ਼ੀਰਕਪੁਰ ਰਾਹੀਂ ਚੰਡੀਗੜ੍ਹ ਵਿਚ ਦਾਖਲ ਹੋਣਾ ਹੈ। ਦੋਵੇਂ ਆਗੂ ਕ੍ਰਮਵਾਰ ਅੰਮ੍ਰਿਤਸਰ ਤੇ ਤਲਵੰਡੀ ਸਾਬੋ ਤੋਂ ਮਾਰਚ ਦੀ ਅਗਵਾਈ ਕਰ ਰਹੇ ਹਨ।