ਹਰਜਿੰਦਰ ਸਿੰਘ ਭੱਟੀ
- ਚੋਣ ਡਿਊਟੀ ਕਰਨ ਵਾਲੇ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਸਨਮਾਨ ਦੇਣ ਲਈ ਕਰਵਾਏ ਸੀ ਲੇਖ ਮੁਕਾਬਲੇ
ਐਸ.ਏ.ਐਸ.ਨਗਰ, 01 ਅਕਤੂਬਰ 2020 - ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣਾਂ ਦੌਰਾਨ ਟੀਚਿੰਗ ਸਟਾਫ ਵਲੋਂ ਦਿੱਤੀਆਂ ਸੇਵਾਵਾਂ ਨੂੰ ਸਨਮਾਨ ਦੇਣ ਲਈ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਟੀਚਿੰਗ ਸਟਾਫ ਦੇ ਲੇਖਣ ਮੁਕਾਬਲੇ ਕਰਵਾਏ ਗਏ ਸਨ। ਜਿਸ ਦੇ ਆਏ ਨਤੀਜਿਆਂ ਅਨੁਸਾਰ ਜਿਲ੍ਹਾ ਪੱਧਰ ਤੇ ਪਹਿਲੀਆਂ ਤਿੰਨ ਬਿਹਤਰੀਨ ਐਂਟਰੀਆਂ ਵਿੱਚ ਚਾਰ ਅਧਿਆਪਕਾਵਾਂ ਦੀ ਚੋਣ ਹੋਈ ਜਿਨ੍ਹਾਂ ਨੂੰ ਸਨਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਕੁਮਾਰ ਗੁਪਤਾ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਵੀ ਮੌਜੂਦ ਸਨ।
ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਲੇਖਣ ਮੁਕਾਬਲੇ ਚੋਣਾਂ ਦੌਰਾਨ ਤਜ਼ਰਬੇ, ਚੋਣ ਡਿਊਟੀ ਨੂੰ ਹੋਰ ਸੁਖਾਵਾਂ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਨੂੰ ਦਰਪੇਸ਼ ਚੁਣੌਤੀਆਂ ਵਿਸ਼ਿਆਂ ’ਤੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ., ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ, ਜਿਨ੍ਹਾਂ ਵਲੋਂ ਚੋਣ ਡਿਊਟੀ ਦਿੱਤੀ ਗਈ ਸੀ ਵੱਲੋਂ 500 ਸ਼ਬਦ ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਜ਼ਿਲ੍ਹਾ ਨੋਡਲ ਅਧਿਕਾਰੀ (ਸਵੀਪ), ਐਸ.ਏ.ਐਸ ਨਗਰ ਨੂੰ ਭੇਜੇ ਗਏ ਸਨ।
ਜਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ " ਚੋਣ ਡਿਊਟੀ ਨੂੰ ਵਧੇਰੇ ਸੁਖਾਵਾਂ ਬਣਾਉਣ ਲਈ ਸੁਝਾਅ " ਲੇਖ ਚ ਸਰਕਾਰੀ ਪ੍ਰਾਇਮਰੀ ਸਕੂਲ ਲੋਹਗੜ੍ਹ ਤੋਂ ਈ.ਟੀ.ਟੀ ਅਧਿਆਪਕਾ ਸ੍ਰੀਮਤੀ ਰੀਤੂ ਕਪੀਲਾ ਨੇ ਪਹਿਲਾ ਸਥਾਨ, " ਚੋਣ ਦੌਰਾਨ ਤਜਰਬਾ " ਲੇਖ ਚ ਸਰਕਾਰੀ ਕੰਨਿਆ ਹਾਈ ਸਕੂਲ ਮੁੱਲਾਂਪੁਰ ਗਰੀਬਦਾਸ ਤੋਂ ਸਾਇੰਸ ਮਿਸਟ੍ਰੈਸ ਸ੍ਰੀਮਤੀ ਮੰਜੂ ਬਾਲਾ ਨੇ ਦੂਜਾ ਸਥਾਨ, " ਕੋਵਿਡ 19 ਅਤੇ ਚੋਣ ਪ੍ਰਕਿਰਿਆ ਵਿੱਚ ਚੁਣੌਤੀਆਂ " ਲੇਖ ਚ ਸਰਕਾਰੀ ਹਾਈ ਸਕੂਲ ਦੱਪਰ ਦੀ ਅਧਿਆਪਕਾ ਸ੍ਰੀਮਤੀ ਭੁਪਿੰਦਰ ਕੌਰ ਅਤੇ " ਚੋਣ ਡਿਊਟੀ ਨੂੰ ਵਧੇਰੇ ਸੁਖਾਵਾਂ ਬਣਾਉਣ ਲਈ ਸੁਝਾਅ " ਲੇਖ ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਣਾ ਤੋਂ ਹਿੰਦੀ ਮਿਸਟ੍ਰੈਸ ਸ੍ਰੀਮਤੀ ਸੂਦਾ ਜੈਨ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ।