ਪਰਵਿੰਦਰ ਸਿੰਘ ਕੰਧਾਰੀ
- ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ 'ਚ ਕਿਸਾਨਾਂ ਦੀ ਸਹੂਲਤ ਲਈ 569 ਕਸਟਮ ਹਾਇਰਿੰਗ ਸੈਂਟਰ
- ਕਿਸਾਨਾਂ ਨੂੰ ਨਿੱਜੀ ਅਤੇ ਫ਼ਾਰਮਰ ਗਰੁੱਪਾਂ ਨੂੰ ਪਰਾਲੀ ਸੰਭਾਲਣ ਅਤੇ ਕਣਕ ਦੀ ਬਿਜਾਈ ਲਈ ਸਬਸਿਡੀ ਤੇ ਦਿੱਤੀ ਗਈ ਮਸ਼ੀਨਰੀ
- ਕੋਆਪਰੇਟਿਵ ਸੋਸਾਇਟੀਆਂ ਰਾਹੀਂ ਵੀ ਕਿਸਾਨ ਕਿਰਾਏ ਤੇ ਲੈ ਸਕਦੇ ਖੇਤੀ ਸੰਦ
ਫਰੀਦਕੋਟ, 01 ਅਕਤੂਬਰ 2020 - ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ 569 ਕਸਟਮ ਹਾਇਰਿੰਗ ਸੈਂਟਰ ਖੋਲੇ ਗਏ ਹਨ। ਜਿਥੋਂ ਕਿਸਾਨ ਇਹ ਖੇਤੀ ਮਸ਼ੀਨਰੀ ਕਿਰਾਏ ਤੇ ਲੈ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸਨਰ ਸ਼੍ਰੀ ਵਿਮਲ ਕੁਮਾਰ ਸੇਤੀਆ ,ਆਈ.ਏ.ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਣ ਲਗਾਤਾਰ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਰਲਕੇ ਵਾਤਾਵਰਣ ਨੂੰ ਬਚਾਉਣ ਲਈ ਸੰਜਮ ਵਰਤਣ ਦੀ ਲੋੜ ਹੈ। ਉਨਾਂ ਕਿਹਾ ਕਿ ਪਰਾਲੀ ਸਾੜਨ ਨਾਲ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈਦਾ ਹੈ, ਇਸ ਲਈ ਸਾਨੂੰ ਪਰਾਲੀ ਨੂੰ ਨਾ ਸਾੜ ਕੇ ਆਧੁਨਿਕ ਤਰੀਕਿਆਂ ਨਾਲ ਮਾਹਿਰਾਂ ਦੀ ਸਲਾਹ ਅਨੁਸਾਰ ਪਰਾਲੀ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ।
ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿਚ ਖਪਾਉਣ ਅਤੇ ਹੋਰ ਬਦਲਵੇਂ ਪ੍ਰਬੰਧ ਲਈ ਜ਼ਿਲ੍ਹੇ ਵਿਚ 569 ਕਸਟਮ ਹਾਇਰਿੰਗ ਸੈਂਟਰ ਖੌਲੇ ਗਏ ਹਨ ਜਿਥੇ ਕਿ 577 ਖੇਤੀ ਨਾਲ ਸਬੰਧਤ ਮਸ਼ੀਨਾਂ ਉਪਲੱਬਧ ਹਨ। ਜ਼ਿਲ੍ਹੇ ਦੇ ਕਿਸਾਨ ਆਪਣੀ ਲੋੜ ਮੁਤਾਬਕ ਨੇੜੇ ਦੇ ਸੈਂਟਰ ਤੋਂ ਖੇਤੀ ਸੰਦ ਕਿਰਾਏ ਤੇ ਲੈ ਸਕਦੇ ਹਨ। ਇਸ ਤੋਂ ਇਲਾਵਾ ਸਹਿਕਾਰੀ ਸੁਸਾਇਟੀਆਂ ਰਾਹੀਂ ਵੀ 22 ਮਸ਼ੀਨਾਂ ਕਿਰਾਏ ਤੇ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਕਿਸਾਨਾਂ ਨੂੰ ਵੀ 161 ਮਸ਼ੀਨਾਂ ਸਬਸਿਡੀ ਰਾਹੀਂ ਉਪਲੱਬਧ ਕਰਵਾਈਆਂ ਗਈਆਂ ਹਨ।
ਇਸ ਮੌਕੇ ਮੁੱਖ਼ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਰਾਜ ਦੇ ਕਿਸਾਨਾਂ ਲਈ 2020 ਦੌਰਾਨ ਖੇਤੀ ਮਸ਼ੀਨਰੀ ਲਈ 569 ਹਾਈਰਿੰਗ ਸੈਂਟਰ ਖੋਲੇ ਗਏ ਹਨ ਜਦਕਿ ਸਾਲ 2018 ਵਿਚ 57 ਸੈਂਟਰ ਖੋਲੇ ਗਏ ਸਨ ਜਿਥੇ ਕਿ 432 ਮਸ਼ੀਨਾਂ ਅਤੇ 423 ਮਸ਼ੀਨਾਂ ਨਿੱਜੀ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀਆਂ ਗਈਆਂ ਜਦਕਿ ਸਹਿਕਾਰੀ ਸੁਸਾਇਟੀਆਂ ਰਾਹੀਂ 352 ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਹੋਰ ਵੱਡੀ ਰਾਹਤ ਦਿੰਦਿਆ ਕਿਸਾਨਾਂ ਦੇ ਨਜਦੀਕ ਹੀ ਸਾਲ 2019 ਵਿਚ ਇਹ ਹਾਈਰਿੰਗ ਸੈਂਟਰਾਂ ਦੀ ਸੰਖਿਆ ਵਧਾਕੇ 304 ਕਰ ਦਿੱਤੀ ਗਈ ਜਿਥੇ ਕਿ ਖੇਤੀ ਨਾਲ ਸਬੰਧਤ 1114 ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਜਦਕਿ 226 ਮਸ਼ੀਨਾਂ ਤੇ ਕਿਸਾਨਾਂ ਨਿੱਜੀ ਸਬਸਿਡੀ ਰਾਹੀਂ ਦਿੱਤੀਆਂ ਗਈਆਂ ਅਤੇ 70 ਮਸ਼ੀਨਾਂ ਸਹਿਕਾਰੀ ਸੁਸਾਇਟੀਆਂ ਤੇ ਕਿਰਾਏ ਲਈ ਉਪਲੱਬਧ ਕਰਵਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਹੋਰ ਜਿਆਦਾ ਜਾਣਕਾਰੀ ਲਈ ਮੁੱਖ ਖੇਤੀਬਾੜੀ ਦਫ਼ਤਰ ਫ਼ਰੀਦਕੋਟ ਦੇ ਟੈਲੀਫੂਨ ਨੰਬਰ 01639- 250058 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਮਨੁੱਖਤਾ, ਜੀਵ ਜੰਤੂਆਂ ਦੇ ਭਲੇ ਆਦਿ ਲਈ ਪਰਾਲੀ ਅਤੇ ਫ਼ਸਲ ਦੀ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਜਾਗਰੂਕ ਹੋਣ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਨ।