ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2020 - ਪੰਜਾਬ ਸੁਬਾਰਡੀਨੇਟ ਸਰਵਿਸਜ਼ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਇਮਾਨਦਾਰੀ ਦਾ ਮੁਜੱਸਮਾ ਬਠਿੰਡਾ ਜ਼ਿਲ੍ਹੁੇ ਦਾ ਗੋਨਿਆਣਾ ਮੰਡੀ ਨਿਵਾਸੀ ਹੇਮ ਰਾਜ ਮਿੱਤਲ ਨੂੰ ਵੱਖ ਵੱਖ ਆਗੂਆਂ ਤੇ ਸਮਾਜਿਕ ਸੰਸਥਾਵਾਂ ਨੇ ਉਨ੍ਹਾਂ ਦੀ ਅੰਤਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮਿੱਤਲ ਪਿਛਲੇ ਦਿਨੀਂ ਆਕਾਲਾ ਚਲਾਣਾ ਕਰ ਗਏ ਸਨ। ਹੇਮ ਰਾਜ ਮਿੱਤਲ ਅਜਿਹੀ ਸ਼ਖਸ਼ੀਅਤ ਸਨ ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ ਹੈ। ਹੇਮ ਰਾਜ ਮਿੱਤਲ ਨੇ ਪਰਜਾ ਮੰਡਲ ਲਹਿਰ ਦੌਰਾਨ ਗਿਆਨੀ ਜ਼ੈਲ ਸਿੰਘ ਦੇ ਨਾਲ ਰਹਿਕੇ ਸੰਘਰਸ਼ ਵੀ ਕੀਤਾ ਸੀ। ਉਸ ਵਕਤ ਵੀ ਸੀ੍ਰ ਮਿੱਤਲ ਨੇ ਭੁੱਖ ਪਿਆਸ ਕੱਟ ਲਈ ਪਰ ਕਦੇ ਵੀ ਇਮਾਨ ਨਹੀਂ ਡੁਲਾਇਆ ਸੀ। ਪੰਜਾਬ ’ਚ ਜਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਬਣੀ ਤਾਂ ਹੇਮ ਰਾਜ ਮਿੱਤਲ ਨੂੰ ਐਸ ਐਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਉਹ ਚੰਡੀਗੜ੍ਹ ਆਪਣੇ ਕਾਰਜਕਾਲ ਦੌਰਾਨ ਘਰ ਤੋਂ ਦਫਤਰ ਤੱਕ ਸਾਈਕਲ ਤੇ ਜਾਂਦਾ ਰਿਹਾ ਪਰ ਗੱਡੀ ਦੀ ਕਦੇ ਵੀ ਝਾਕ ਨਹੀਂ ਰੱਖੀ। ਹੇਮ ਰਾਜ ਮਿੱਤਲ ਨੇ ਹਜਾਰਾਂ ਮੁੰਡਿਆਂ ਨੂੰ ਅਫਸਰ ਬਣਾਇਆ ਪਰ ਖੁੁਦ ਉਸ ਦਾ ਲੜਕਾ ਲੰਬਾ ਸਮਾਂ ਬੇਰੁਜ਼ਗਾਰ ਰਿਹਾ। ਕਿਸੇ ਤੋਂ ਦੁਆਨੀ ਨਹੀਂ ਲਈ ਤਾਹੀਓਂ ਉਮਰ ਦੇ ਅੰਤ ਤੱਕ ਹਰ ਕੋਈ ਉਨ੍ਹਾਂ ਦੀ ਕਦਰ ਕਰਦਾ ਰਿਹਾ ਹੈ। ਪਿਛਲੀ ਉਮਰੇ ਗੋਨਿਆਣਾ ’ਚ ਚੱਕੀ ਚਲਾਈ ਪਰ ਕਦੇ ਬੇਈਮਾਨੀ ਦਾ ਪੀਹਣਾ ਨਹੀਂ ਪੀਸਿਆ। ਗੋਨਿਆਣਾ ਵਾਸੀ ਆਖਦੇ ਹਨ ਕਿ ਬੇਸ਼ੱਕ ਹੇਮ ਰਾਜ ਮਿੱਤਲ ਬੇਸ਼ੱਕ ਬਿਰਧ ਹੋ ਗਿਆ ਸੀ ਪਰ ਉਸ ਦੀ ਇਮਾਨਦਾਰੀ ਕਦੇ ਵੀ ਬੁੱਢੀ ਨਹੀਂ ਹੋਈ। ਉਹ ਆਖਿਆ ਕਰਦੇ ਸਨ ਕਿ ਅੱਜ ਦੇ ਜਮਾਨੇ ’ਚ ਇਮਾਨਦਾਰ ਬੰਦੇ ਦੀ ਕਦਰ ਨਹੀਂ ਹੁੰਦੀ ਹੈ।
ਉਸ ਦੇ ਅਧਿਆਪਕ ਲੜਕੇ ਰਵਿੰਦਰ ਮਿੱਤਲ, ਬਾਕੀ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸੰਗੀ ਸਾਥੀਆਂ ਨੂੰ ਹਮੇਸ਼ਾ ਮਾਣ ਰਿਹਾ ਹੈ। ਗੋਨਿਆਣਾ ਮੰਡੀ ਤੋਂ ਇਲਾਵਾ ਉਸ ਦੇ ਜਾਣਕਾਰ ਹਲਕਿਆਂ ’ਚ ਜਿੱਥੇ ਵੀ ਕਿਤੇ ਇਮਾਨਦਾਰੀ ਦੀ ਗੱਲ ਚੱਲਦੀ ਤਾਂ ਹਰ ਕੋਈ ਉਸ ਦਾ ਨਾਮ ਉੱਚੀ ਬਾਂਹ ਕੱਢ ਕੇ ਲੈਂਦੇ ਰਹੇ ਹਨ। ਅੰਤ ਤੱਕ ਉਨ੍ਹਾਂ ਇਮਾਨ ਧਰਮ ਦੀ ਜ਼ਿੰਦਗੀ ਗੁਜ਼ਰ ਬਸਰ ਕੀਤੀ ਅਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਇਮਾਨਦਾਰ ਰਹਿਕੇ ਜਿੰਗੀ ਜਿਉਣ ਦਾ ਢੰਗ ਸਿਖਾਇਆ। ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੋਬਿੰਦ ਰਾਮ ਅਤੇ ਹੋਰ ਵੀ ਕਈ ਸ਼ਖਸ਼ੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।