ਹਰੀਸ਼ ਕਾਲੜਾ
ਰੂਪਨਗਰ, 1 ਅਕਤੂਬਰ 2020 - ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਿਸ਼ੇਸ ਮੁਹਿੰਮ ਦੇ ਅੰਤਰਗਤ ਸਬੰਧਤ ਵਿਭਾਗ ਵਲੋਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਭੱਕੂ ਮਾਜਰਾ ਦੇ ਕਿਸਾਨ ਗੁਰਦੀਪ ਸਿੰਘ ਵਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਸਾੜੇ ਲਮੇਂ ਸਮੇਂ ਤੋੱਂ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ।
ਆਪਣੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਦੀਪ ਸਿੰਘ ਨੇਂ ਦੱਸਿਆ ਕਿ ਉਸ ਕੋਲ ਕੁੱਲ 50 ਏਕੜ ਜ਼ਮੀਨ ਹੈ। ਜਿਸ ਵਿੱਚ 17 ਏਕੜ ਉਸ ਦੀ ਆਪਣੀ ਅਤੇ 33 ਏਕੜ ਉਸ ਨੇ ਠੇਕੇ ਤੇ ਲਈ ਹੋਈ ਹੈ। ਕਿਸਾਨ ਵੱਲੋਂ 16 ਕਿੱਲੇ ਚ ਧਾਨ ਦੀ ਖੇਤੀ ਕੀਤੀ ਜਾਂਦੀ ਹੈ, ਜਦਕਿ 20 ਕਿੱਲੇ ਚ ਪਾਪੂਲਰ ਦੀ ਨਰਸਰੀ ਬਣਾ ਕੇ ਉਹ ਬੂਟੇ ਲੋੜਵੰਦਾਂ ਨੂੰ ਵੇਚਦਾ ਹੈ। ਉਸਨੇ ਦੱਸਿਆ ਕਿ ਉਹ 14 ਕਿੱਲੇ ਚ ਵਣ ਖੇਤੀ ਕਰਦਾ ਹੈ। ਵਣ ਖੇਤੀ ਵਿੱਚ ਗੰਨੇ ਅਤੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ।
ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦੀ ਨਰਸਰੀ ਵਿੱਚ ਜੀ 48, ਉਦੇ, ਡਬਲਿਊ ਐਸ.ਐਲ 39, ਪੀ.ਐਲ -2, ਅਤੇ ਡਬਲਿਊ 110, ਸੁਧਰੀਆਂ ਕਿਸਮਾਂ ਦੇ ਬੂਟੇ ਲਗਾਏ ਜਾਂਦੇ ਹਨ ਜੋ ਕਿ ਹੋਰਨਾਂ ਕਿਸਾਨਾਂ ਨੂੰ ਵਾਜਬ ਰੇਟ ਤੇ ਵੇਚੇ ਜਾਂਦੇ ਹਨ। ਵਧੇਰੇ ਜਾਂਣਕਾਰੀ ਦਿੰਦੇ ਹੋਏ ਉਸਨੇ ਦੱਸਿਆ ਕਿ ਉਹ ਹੋਰਨਾਂ ਕਿਸਾਨਾਂ ਨੂੰ ਪਾਪੂਲਰ ਦੇ ਬੂਟੇ ਲਗਾਉਣ ਵਿੱਚ ਵੀ ਸਹਾਇਤਾ ਕਰਦਾ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਵਲੋਂ 8 ਏਕੜ ਧਾਨ ਹੱਥਾਂ ਨਾਲ ਕਟਵਾਈ ਗਈ ਹੈ ਅਤੇ ਪਰਾਲੀ 4700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਬਾਕੀ 8 ਏਕੜ ਧਾਨ ਕੰਬਾਇਨ ਨਾਲ ਕਟਵਾਈ ਗਈ ਅਤੇ ਬਚਦੀ ਪਰਾਲੀ ਕਈ ਲੋੜਵੰਦ ਕਟਰ ਮਾਰ ਕੇ ਲੈ ਗਏ ਹਨ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਵਲੋਂ ਹੁਣ 16 ਕਿੱਲਿਆਂ ਵਿੱਚ ਆਲੂ ਲਗਾ ਦਿੱਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਰਹਿੰਦ-ਖੂਹੰਦ ਨੂੰ ਜਲਾਇਆ ਨਹੀ ਗਿਆ ਹੈ।