ਹਰੀਸ਼ ਕਾਲੜਾ
ਰੂਪਨਗਰ, 1 ਅਕਤੂਬਰ 2020 - ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ( ਐਫ.ਐਸ.ਐਸ.ਏ.ਆਈ.) ਵੱਲੋਂ ਮਿਤੀ 01 ਅਕਤੂਬਰ 2020 ਤੋਂ ਖੁੱਲ੍ਹੀਆਂ ਮਿਠਾਈਆਂ ਉੱਪਰ “ਇਸ ਤਾਰੀਖ ਤੋਂ ਪਹਿਲਾਂ” ਅਤੇ ਮਿਆਦ ਮਿਤੀ ਲਿਖਣੀ ਲਾਜ਼ਮੀ ਕਰ ਦਿੱਤੀ ਗਈ ਹੈ। ਕੁਮਾਰ ਰਾਹੁਲ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਪੂਰੇ ਪੰਜਾਬ ਵਿੱਚ ਵੀ ਉਕਤ ਨਿਯਮ 01 ਅਕਤੂਬਰ ਲਾਗੂ ਹੋ ਜਾਵੇਗਾ।
ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਹਾਇਕ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੋਰ ਅਤੇ ਫੂਡ ਸੇਫਟੀ ਅਫਸਰ ਰਾਖੀ ਵਿਨਾਇਕ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸਾਰੇ ਮਿਠਾਈ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡਿਸਪਲੇ ਟਰੇਅ ਮਿਠਾਈ ਦੀ ਕਿਸਮ ਅਤੇ ਤਾਪਮਾਨ, ਨਮੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਠਾਈ ਦੀ ਇਸਤੇਮਾਲ ਤੱਕ ਦੀ ਤਾਰੀਖ ਲਿਖਣ। ਗ੍ਰਾਹਕਾਂ ਦੀ ਜਰੂਰਤ ਅਨੁਸਾਰ ਇਸ ਨਿਯਮ ਮੁਤਾਬਿਕ ਮਿਠਾਈ ਖਰੀਦਣ ਵੇਲੇ ਹੀ ਗ੍ਰਾਹਕ ਨੂੰ ਉਸਦੀ ਮਿਆਦ ਦਾ ਪਤਾ ਲੱਗ ਜਾਵੇਗਾ ਅਤੇ ਉਹਨਾਂ ਦੀ ਸਿਹਤ ਤੇ ਕੋਈ ਬੁਰਾ ਅਸਰ ਨਹੀਂ ਪਵੇਗਾ।
ਐਫ.ਐਸ.ਐਸ.ਏ.ਆਈ. ਵੱਲੋਂ ਇਸ ਬਾਰੇ ਵੀ ਹਦਾਇਤਾਂ ਵੀ ਵੈਬਸਾਇਟ ਤੇ ਜਾਰੀ ਕਰ ਦਿੱਤੀਆਂ ਗਈਆਂ ਹਨ।ਇਹਨਾਂ ਹਦਾਇਤਾਂ ਅਨੁਸਾਰ ਮਿਠਾਈਆਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸੂਚੀ ਨੰਬਰ 01 ਅਨੁਸਾਰ ਉਹ ਮਿਠਾਈਆਂ ਜਿੰਨ੍ਹਾਂ ਦੀ ਮਿਆਦ ਇੱਕ ਦਿਨ ਹੈ, ਨੰਬਰ 02,03,04 ਅਤੇ 05 ਅਨੁਸਾਰ ਉਹ ਮਿਠਾਈਆਂ ਜਿੰਨਾਂ ਦੀ ਮਿਆਦ ਕ੍ਰਮਵਾਰ 02 ਦਿਨ, 04 ਦਿਨ, 07 ਦਿਨ ਅਤੇ 30 ਦਿਨ ਹੈ। ਇਸ ਤੋਂ ਇਲਾਵਾ ਮਿਠਾਈਆਂ ਦੀ ਮਿਆਦ ਤਾਪਮਾਨ ਅਤੇ ਨਮੀ ਤੇ ਨਿਰਭਰ ਹੋਵੇਗੀ। ਉਕਤ ਸਾਰੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਮਿਠਾਈਆਂ ਵੇਚਣੀਆਂ ਸੁਨਿਸ਼ਚਿਤ ਕਰੇਗਾ। ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਨਿਯਮਾਂ ਮੁਤਾਬਿਕ ਮਿਠਾਈਆਂ ਤੇ ਮਿਆਦ ਮਿਤੀ ਵੇਖ ਕੇ ਖਰੀਦਦਾਰੀ ਕਰਨ।