ਰਜਨੀਸ਼ ਸਰੀਨ
- ਵਰਚੂਅਲ ਸਨਮਾਨ ਸਮਾਰੋਹ ਰਾਹੀਂ ਜ਼ਿਲ੍ਹਾ ਹੈਡਕੁਆਰਟਰਜ਼ ‘ਤੇ ਕੀਤਾ ਸਨਮਾਨ
ਐਸ.ਏ.ਐਸ. ਨਗਰ, 1 ਅਕਤੂਬਰ 2020 - ਬੀਤੇ ਕੱਲ੍ਹ ਸਕੂਲ ਸਿੱਖਿਆ ਵਿਭਾਗ ‘ਚੋਂ ਵੱਖ-ਵੱਖ ਅਹੁਦਿਆਂ ਤੋਂ ਸੇਵਾਮੁਕਤ ਹੋਏ 2270 ਅਧਿਕਾਰੀਆਂ, ਅਧਿਆਪਕਾਂ ਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਅੱਜ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਹੋਏ ਵਰਚੂਅਲ ਸਨਮਾਨ ਸਮਾਰੋਹ ਰਾਹੀਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਸਨਮਾਨ ਭਰੀ ਵਿਦਾਇਗੀ ਦਿੱਤੀ ਗਈ।
ਮੁੱਖ ਦਫਤਰ ਮੋਹਾਲੀ ਵੱਲੋਂ ਭੇਜੇ ਗਏ ਸਨਮਾਨ ਪੱਤਰ ਹਰੇਕ ਜਿਲ੍ਹਾ ਹੈਡਕੁਆਰਟਰ ‘ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ, ਅਧਿਆਪਕਾਂ ਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਪ੍ਰਦਾਨ ਕੀਤੇ। ਇਸ ਸਮਾਗਮ ਦੌਰਾਨ ਸਨਮਾਨਿਤ ਕੀਤੇ ਗਏ ਮੁਲਾਜਮਾਂ ‘ਚ 94 ਪ੍ਰਿੰਸੀਪਲ, 18 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, 60 ਮੁੱਖ ਅਧਿਆਪਕ, 253 ਲੈਕਚਰਾਰ, 489 ਮਾਸਟਰ, 191 ਟੀਚਰ, 217 ਪ੍ਰਾਇਮਰੀ ਅਧਿਆਪਕ, ਨਾਨ ਟੀਚਿੰਗ ਅਮਲੇ ‘ਚੋਂ 39 ਐਸ.ਐਲ.ਏ., 12 ਕਲੱਰਕ, 6 ਜੂਨੀਅਰ ਸਹਾਇਕ, 6 ਲਾਇਬਰੇਰੀਅਨ, 24 ਲਾਇਬਰੇਰੀ ਅਟੈਡੈਂਟ ਤੇ 6 ਲਾਇਬਰੇਰੀ ਰੀਸਟੋਰਰ ਸ਼ਾਮਲ ਹਨ।
ਇਸ ਮੌਕੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅੱਜ ਜਿਸ ਮੁਕਾਮ ‘ਤੇ ਪੁੱਜਿਆ ਹੈ, ਉਸ ਵਿੱਚ ਬੀਤੇ ਕੱਲ੍ਹ ਸੇਵਾਮੁਕਤ ਹੋਏ ਮੁਲਾਜ਼ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿੰਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਿੱਖਿਆ ਵਿਭਾਗ ਦੀਆਂ ਸੇਵਾਵਾਂ ਦੇ ਲੇਖੇ ਲਗਾਏ। ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਉਕਤ ਮੁਲਾਜ਼ਮ ਸੇਵਾਮੁਕਤੀ ਮੌਕੇ ਬੜਾ ਫਖਰ ਮਹਿਸੂਸ ਕਰ ਰਹੇ ਹੋਣਗੇ ਕਿ ਉਨ੍ਹਾਂ ਕਿਹੋ ਜਿਹੇ ਹਾਲਾਤਾਂ ‘ਚ ਸਰਕਾਰੀ ਸੇਵਾ ਆਰੰਭ ਕੀਤੀ ਸੀ ਅਤੇ ਅੱਜ ਉਹ ਵਿਭਾਗ ਦੇ ਸੁਨਹਿਰੀ ਯੁੱਗ ‘ਚੋਂ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾਮੁਕਤ ਹੋ ਰਹੇ ਮੁਲਾਜ਼ਮ ਬਹੁਤ ਭਾਗਾਂਵਾਲੇ ਹਨ, ਜਿੰਨ੍ਹਾਂ ਨੂੰ ਆਪਣੀ ਸੇਵਾ ਦੇ ਆਖਰੀ ਵਰੇ੍ਹ ਕਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਦੀ ਅਸੰਭਵ ਹਾਲਤਾਂ ‘ਚ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹਰ ਵਿਦਿਅਕ ਗਤੀਵਿਧੀ ਨੂੰ ਸੰਭਵ ਬਣਾਇਆ।
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗ ਸੇਵਾਮੁਕਤ ਮੁਲਾਜ਼ਮਾਂ ਦਾ ਸਦਾ ਰਿਣੀ ਰਹੇਗਾ ਜਿੰਨ੍ਹਾਂ ਨੇ ਆਪਣੇ ਤਜ਼ਰਬੇ ਸਦਕਾ ਨਵੇਂ ਮੁਲਾਜ਼ਮਾਂ ਨੂੰ ਯੋਗ ਅਗਵਾਈ ਦਿੱਤੀ। ਉਨ੍ਹਾਂ ਅਧਿਕਾਰੀਆਂ, ਅਧਿਆਪਕਾਂ ਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਦਾ ਸਕੂਲ ਸਿੱਖਿਆ ਵਿਭਾਗ ਨਾਲ ਜੁੜੇ ਰਹਿਣ ਅਤੇ ਵਿਭਾਗ ਦੀ ਹਰ ਖੇਤਰ ‘ਚ ਸੰਭਵ ਮੱਦਦ ਕਰਨ। ਇਸ ਮੌਕੇ ਡੀ.ਪੀ.ਆਈ. (ਸੈ.) ਸੁਖਜੀਤ ਸਿੰਘ ਨੇ ਸੇਵਾਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੱਤੀ। ਇਸ ਆਨਲਾਈਨ ਸਮਾਗਮ ਦਾ ਸੰਚਾਲਨ ਸਹਾਇਕ ਨਿਰਦੇਸ਼ਕਾ ਸੁਰੇਖਾ ਠਾਕੁਰ ਤੇ ਸ਼ਲਿੰਦਰ ਸਿੰਘ ਨੇ ਕੀਤਾ। ਸਮਾਗਮ ‘ਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਕੋਆਰਡੀਨੇਟਰ ਡਾ. ਦਵਿੰਦਰ ਬੋਹਾ, ਵੱਖ-ਵੱਖ ਜਿਲਿ੍ਹਆ ਦੇ ਜਿਲ੍ਹਾ ਸਿੱਖਿਆ ਅਫਸਰ ਤੇ ਹੋਰ ਅਧਿਕਾਰੀ ਸ਼ਾਮਲ ਸਨ।