ਹਰੀਸ਼ ਕਾਲੜਾ
- ਨਰੋਏ ਪੋਸ਼ਣ ਲਈ ਲੋੜੀਂਦੀਆਂ ਵਸਤਾਂ ਖੁਦ ਉਗਾਉਣ ਦੀ ਅਹਿਮ ਲੋੜ: ਡਾ. ਜਸਵਿੰਦਰ ਕੌਰ
ਰੂਪਨਗਰ, 1 ਅਕਤੂਬਰ 2020 - ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲਾ ਦੇ ਆਦੇਸ਼ਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਦੀ ਅਗਵਾਈ ਹੇਠ ਹੋਮ ਸਾਇੰਸ ਵਿਭਾਗ ਅਤੇ ਐਨ.ਐੱਸ.ਐੱਸ ਦੇ ਸਹਿਯੋਗ ਨਾਲ ਪੋਸ਼ਣ ਮਹੀਨਾ ਮਨਾਇਆ ਗਿਆ, ਜਿਸ ਦਾ ਉਦੇਸ਼ ਨਰੋਏ ਪੋਸ਼ਣ ਲਈ ਪੌਦੇ ਲਗਾਉਣਾ ਸੀ।
ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਆਪਣੀ ਘਰੇਲੂ ਰਸੋਈ ਲਈ ਕੁਦਰਤੀ ਰੁੱਖਾਂ, ਆਰਗੇਨਿਕ ਸਬਜ਼ੀਆਂ ਅਤੇ ਨਿਰੋਏ ਪੋਸ਼ਣ ਲਈ ਲੋੜੀਂਦੀਆਂ ਵਸਤਾਂ ਖੁਦ ਉਗਾਉਣੀਆਂ ਚਾਹੀਦੀਆਂ ਹਨ ਅਤੇ ਆਮ ਲੋਕਾਂ ਵਿੱਚ ਇਸ ਸਬੰਧੀ ਜਾਗਰੁਕਤਾ ਪੈਦਾ ਕਰਨੀ ਚਾਹੀਦੀ ਹੈ। ਬਾਟਨੀ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਮਨਜੀਤ ਕੌਰ ਮਨਚੰਦਾ ਨੇ ਰੁੱਖਾਂ ਦਾ ਮਹੱਤਵ, ਉਨ੍ਹਾਂ ਦੀਆਂ ਕਿਸਮਾਂ ਅਤੇ ਉਪਯੋਗ ਬਾਰੇ ਜਾਣਕਾਰੀ ਦਿੱਤੀ। ਜਿਕਰਯੋਗ ਹੈ ਕਿ ਪ੍ਰੋ. ਮਨਜੀਤ ਕੌਰ ਮਨਚੰਦਾ 32 ਸਾਲ ਆਪਣੀਆਂ ਸੇਵਾਵਾਂ ਇਸ ਕਾਲਜ ਨੂੰ ਅਰਪਿਤ ਕਰਕੇ ਅੱਜ ਸੇਵਾ ਮੁਕਤ ਹੋ ਰਹੇ ਹਨ।
ਕੌਮੀ ਸੇਵਾ ਯੋਜਨਾਂ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਕੁਦਰਤੀ ਵਾਤਾਵਰਣ ਦੀ ਰਾਖੀ ਅਤੇ ਇਸ ਸਬੰਧੀ ਜਾਗਰੁਕਤਾ ਪੈਦਾ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਹੋਮ ਸਾਇੰਸ ਵਿਭਾਗ ਦੇ ਮੁਖੀ ਅਤੇ ਇਸ ਮੁਹਿੰਮ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਗੂਗਲ ਫਾਰਮ ਦੇ ਤਹਿਤ ਬਣਾਏ ਗਏ ਲਿੰਕ ਵਿੱਚ ਵੱਖ-ਵੱਖ ਕਾਲਜਾਂ ਵੱਲੋਂ 216 ਐਂਟਰੀ ਅਤੇ ਆਮ ਲੋਕਾਂ ਵੱਲੋਂ 103 ਐਂਟਰੀਆਂ ਭੇਜੀਆਂ ਗਈਆਂ ਅਤੇ ਇਸ ਮੁਹਿੰਮ ਤਹਿਤ 319 ਪੋਸ਼ਣ ਸਬੰਧੀ ਪੌਦੇ ਲਗਾਏ ਗਏ। ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਪ੍ਰੋਗਰਾਮ ਅਫ਼ਸਰ ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਨਵਨੀਤ ਕੌਰ, ਪ੍ਰੋ. ਮਨਪ੍ਰੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਜਤਿੰਦਰ ਕੁਮਾਰ ਨੇ ਅਹਿਮ ਸਹਿਯੋਗ ਦਿੱਤਾ। ਇਸ ਮੁਹਿੰਮ ਦੇ ਅੰਤਲੇ ਦਿਨ ਕਾਲਜ ਕੈਂਪਸ ਵਿੱਚ ਛਾਂਦਾਰ, ਮੈਡੀਸਨ ਅਤੇ ਆਕਸੀਜਨ ਦੇਣ ਵਾਲੇ ਰੁੱਖ ਲਗਾਏ ਗਏ।