ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2020 - ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ‘ਮਹਿਲਾ ਸਸ਼ਕਤੀਕਰਨ: ਕੌਮੀ ਸਿੱਖਿਆ ਨੀਤੀ 2020 ਵਿੱਚ ਨਵੇਂ ਪੈਰਾਡਾਇਮ ਵਿਸ਼ੇ ਤੇ ਵੈਬੀਨਾਰ ਕਰਵਾਇਆ ਜਿਸ ਦੇ ਮੁੱਖ ਬੁਲਾਰੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ ਦੇ ਸਕੱਤਰ ਜਨਰਲ ਪ੍ਰੋ. ਪੰਕਜ ਮਿੱਤਲ ਸਨ। ਇਸ ਮੌਕੇ ਡਾ. ਐਮ.ਐਸ. ਧਾਨਯਾ ਨੇ ਸਭਨਾਂ ਨੂੰ ਜੀਆਇਆਂ ਆਖਿਆ ਜਦੋਂਕਿ ਪ੍ਰੀਜਾਈਡਿੰਗ ਅਫਸਰ ਪ੍ਰੋ. ਅੰਜਨਾ ਮੁਨਸੀ ਨੇ ਵੈਬਿਨਾਰ ਦੇ ਵਿਸ਼ੇ ਤੇ ਚਾਨਣਾ ਪਾਇਆ। ਮੁੱਖ ਬੁਲਾਰੇ ਪ੍ਰੋ. ਪੰਕਜ ਮਿੱਤਲ ਨੇ ਦੱਸਿਆ ਕਿ ਸਾਡੇ ਦੇਸ਼ ’ਚ ਔਰਤਾਂ ਵੀ ਬਰਾਬਰ ਸਮਰੱਥ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ, ਜਦੋਂਕਿ ਉਨ੍ਹਾਂ ਨੂੰ ਸਮਰਪਤ ਵਿਦਿਅਕ ਸੰਸਥਾਵਾਂ ਦੀ ਪ੍ਰਤੀਸ਼ਤਤਾ ਘੱਟ ਹੈ।
ਪਹਿਲੀ ਨੋਬਲ ਪੁਰਸਕਾਰ ਜੇਤੂ ਡਾ. ਮੈਰੀ ਕਿਉਰੀ ਦਾ ਉਦਾਹਰਣ ਦਿੰਦਿਆਂ ਉਨਾਂ ਕਿਹਾ ਕਿ ਔਰਤਾਂ ਵਿੱਚ ਸਿੱਖਣ ਦਾ ਵਧੇਰਾ ਉਤਸ਼ਾਹ ਹੈ ਅਤੇ ਉਹ ਮਹਿਲਾ ਸਸ਼ਕਤੀਕਰਨ ‘ਸਿੱਖਿਆ’ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੀਆਂ ਹਨ। ਉੰਨਾਂ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸਦਿਆਂ ਸੁਝਾਅ ਦਿੱਤਾ ਕਿ ਸਮਾਜ ਨੂੰ ਔਰਤਾਂ ਦੇ ਰੂੜੀਵਾਦੀ ਅਕਸ ਬਾਰੇ ਆਪਣੀ ਧਾਰਨਾ ਬਦਲਣੀ ਚਾਹੀਦੀ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਅਤੇ ਲੋਕਤੰਤਰੀ ਨੀਤੀ ਹੈ ਜੋ ਸਮਾਜ ਦੇ ਸਾਰੇ ਵਰਗਾਂ ਨੂੰ ਕੁਆਲਿਟੀ ਸਿੱਖਿਆ ਪ੍ਰਦਾਨ ਕਰਨ ਤੇ ਕੇਂਦਰਿਤ ਹੈ। ਉਨ੍ਹਾਂ ਕਸਤੂਰਬਾ ਗਾਂਧੀ ਬਾਲ ਵਿਦਿਆਲਿਆ ਨੂੰ 12 ਵੀਂ ਜਮਾਤ ਤੱਕ ਅਪਗ੍ਰੇਡ ਕਰਨਾ, ਲਿੰਗ ਪ੍ਰੇਰਿਤ ਫੰਡ ਦੀ ਸਿਰਜਣਾ, ਸਿੱਖਿਆ ਦੇ ਅਧਿਕਾਰ ਤਹਿਤ ਉਮਰ ਹੱਦ ਨੂੰ ਵਧਾਉਣ ਆਦਿ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਮੁੱਖ ਬੁਲਾਰੇ ਨੇ ਉਮੀਦ ਜਤਾਈ ਕਿ ਐਨਈਪੀ -2020 ਦੇ ਸਹੀ ਢੰਗ ਨਾਲ ਲਾਗੂ ਹੋਣ ਤੇ ਔਰਤਾਂ ਦਾ ਸਿੱਖਿਆ ’ਚ ਯਗਦਾਨ ਵਧਾਉਣ ਅਤੇ ਇੱਕ ਸਿੱਖਿਅਤ ਸਮਾਜ ਦੀ ਸਿਰਜਣਾ ਵਿੱਚ ਸਾਡੀ ਸਹਾਇਤਾ ਕਰੇਗਾ। ਉਨਾਂ ਪੁਰਸ਼ਾਂ ਨੂੰ ਸਮਾਜ ਦੀ ਅਗਵਾਈ ਕਰਨ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ. ਵੁਸਿਰੀਕਾ ਨੇ ਯੂਨੀਵਰਸਿਟੀ ਦੀਆਂ ਹੋਣਹਾਰ ਵਿਦਿਆਰਥਣਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਔਰਤਾਂ ਵੀ ਪੁਰਸ਼ਾਂ ਜਿੰਨੀਆਂ ਹੀ ਕਾਬਲ ਹਨ ਸਿਰਫ ਉਨਾਂ ਨੂੰ ਮੌਕਾ ਦਿੱਤੇ ਜਾਣ ਦੀ ਲੋੜ ਹੈ। ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ ਨੇ ਵਿਚਾਰ ਪੇਸ਼ ਕਰਦਿਆਂ ਵੈਬੀਨਾਰ ਦੇ ਵਿਸ਼ੇ ਦੀ ਸ਼ਲਾਘਾ ਕੀਤੀ। ਵੈਬਿਨਾਰ ਵਿੱਚ ਯੂਨੀਵਰਸਿਟੀ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ।