ਅਸ਼ੋਕ ਵਰਮਾ
ਚੰਡੀਗੜ੍ਹ , 1 ਅਕਤੂਬਰ 2020 - ਯੂ ਪੀ 'ਚ ਹਾਥਰਸ ਦੇ ਦਲਿਤ ਪਰਿਵਾਰ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰਨ ਉਪਰੰਤ ਪੁਲਿਸ ਵੱਲੋਂ ਪੀੜਤ ਪਰਿਵਾਰ ਨੂੰ ਬੰਦੀ ਬਣਾ ਕੇ ਲੜਕੀ ਦੀ ਮ੍ਰਿਤਕ ਦੇਹ ਦਾ ਅੱਧੀ ਰਾਤ ਨੂੰ ਸੰਸਕਾਰ ਕਰਨ ਦੀ ਘਟਨਾ ਭਾਰਤ 'ਚ ਜਮਹੂਰੀਅਤ ਦੀ ਥਾਂ ਤਾਨਾਸ਼ਾਹ ਪ੍ਰਬੰਧ ਹੋਣ ਦਾ ਸਬੂਤ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਕਰਦਿਆਂ ਬਲਾਤਕਾਰ ਤੇ ਕਤਲ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਤੋਂ ਇਲਾਵਾ ਦੋਸ਼ੀ ਸਿਵਲ ਤੇ ਪੁਲਿਸ ਅਧਿਕਾਰੀਆਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਆਖਿਆ ਕਿ ਹਾਥਰਸ ਦੀ ਘਟਨਾ ਤੋਂ ਬਾਅਦ ਹੀ ਬਲਰਾਮਪੁਰ ਵਿਖੇ ਇੱਕ ਹੋਰ ਦਲਿਤ ਲੜਕੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਦਾ ਸਾਹਮਣੇ ਆਉਣਾ ਦੱਸਦਾ ਹੈ ਕਿ ਇੱਥੇ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ।
ਉਹਨਾਂ ਆਖਿਆ ਕਿ ਭਾਵੇਂ ਜਾਤਪਾਤੀ ਪ੍ਰਬੰਧ ਤੇ ਪੈਦਾਵਾਰੀ ਸੋਮਿਆਂ ਦੀ ਕਾਣੀ ਵੰਡ ਕਾਰਨ ਸਦੀਆਂ ਤੋਂ ਹੀ ਦਲਿਤਾਂ ਉਤੇ ਅਣਮਨੁੱਖੀ ਜ਼ਬਰ ਹੁੰਦੇ ਆਏ ਰਹੇ ਹਨ ਪਰ ਮੋਦੀ ਦੀ ਫ਼ਿਰਕੂ ਫਾਸ਼ੀ ਹਕੂਮਤ ਦੇ ਦੌਰਾਨ ਦਲਿਤਾਂ ਤੇ ਦਲਿਤ ਔਰਤਾਂ ਖਿਲਾਫ ਜ਼ੁਲਮਾ ਦਾ ਗ੍ਰਾਫ ਆਏ ਦਿਨ ਵਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਮਿ੍ਤਕ ਲੜਕੀ ਦੀਆਂ ਅੰਤਿਮ ਰਸਮਾਂ ਸਮੇਂ ਸਭ ਕਾਨੂੰਨੀ ਤੇ ਸਮਾਜਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਕਾਰਵਾਈ ਮੱਧਯੁਗੀ ਭਾਰਤ ਦੀ ਤਸਵੀਰ ਪੇਸ਼ ਕਰ ਰਹੀ ਹੈ। ਉਹਨਾਂ ਆਖਿਆ ਕਿ ਮੌਜੂਦਾ ਨਿਜ਼ਾਮ ਦੇ ਅੰਦਰ ਭਾਵੇਂ ਔਰਤ ਵਰਗ ਦੀ ਹਾਲਤ ਹੀ ਬੇਹਤਰ ਨਹੀਂ ਪਰ ਦਲਿਤ ਔਰਤਾਂ ਦੀ ਹਾਲਤ ਬੇਹੱਦ ਚਿੰਤਾਜਨਕ ਹੈ ਅਤੇ ਦਲਿਤਾਂ ਤੇ ਦਲਿਤ ਔਰਤਾਂ ਨਾਲ਼ ਹੁੰਦੇ ਬਹੁਤ ਜੁਰਮ ਰਿਪੋਰਟ ਹੀ ਨਹੀਂ ਕੀਤੇ ਜਾਂਦੇ। ਉਹਨਾਂ ਖੇਤ ਮਜ਼ਦੂਰਾਂ ਨੂੰ ਇਸ ਜੁਰਮ ਖਿਲਾਫ ਜ਼ੋਰਦਾਰ ਅਵਾਜ਼ ਉਠਾਉਣ ਦਾ ਸੱਦਾ ਦਿੱਤਾ।