ਹਰੀਸ਼ ਕਾਲੜਾ
ਰੂਪਨਗਰ, 01 ਅਕਤੂਬਰ 2020 - ਰੂਪਨਗਰ 'ਚ ਬਜ਼ੁਰਗਾਂ ਦੀ ਸੇਵਾ ਨੂੰ ਸਮਰਪਿਤ ਹਵੇਲੀ ਕਲਾਂ ਵਿਖੇ ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ (ਰਜਿ.)" ਵਲੋਂ ਚਲਾਏ ਜਾ ਰਹੇ ''ਆਪਣਾ ਘਰ" ਦੇ ਪ੍ਰਬੰਧਕਾਂ ਵਲੋਂ ਅੱਜ ਸੰਸਥਾ ਦੇ ਬਾਨੀ ਉੱਘੇ ਸਮਾਜ ਸੇਵਕ ਤੇ ਮਹਾਂਦਾਨੀ ਸਵਰਗੀ ਸ਼੍ਰੀ ਐਲ. ਆਰ. ਮੁੰਦਰਾ ਦਾ 99ਵਾਂ ਜਨਮ ਦਿਨ ਮਨਾਇਆ ਗਿਆ।
ਕੋਵਿਡ-19 ਦੀਆਂ ਹਦਾਇਤਾ ਦੇ ਮੱਦੇਨਜਰ ਸ਼੍ਰੀ ਮੁੰਦਰਾ ਦੇ ਜਨਮ ਦਿਨ ਮੌਕੇ ਕੇਵਲ ਟਰੱਸਟੀ, ਆਪਣਾ ਘਰ 'ਚ ਰਹਿ ਰਹੇ ਬਜ਼ੁਰਗਾਂ ਤੇ ਮੁੰਦਰਾ ਪਰਿਵਾਰ ਦੇ ਕੁਝ ਮੈਂਬਰ ਹੀ ਹਾਜ਼ਰ ਹੋਏ ਅਤੇ ਕੇਕ ਕਟਣ ਦੀ ਰਸਮ ਛੋਟੇ ਬੱਚੇ ਵਿਹਾਨ ਸੈਣੀ ਨੇ ਅਦਾ ਕੀਤੀ। ਇਸ ਮੌਕੇ ਤੇ ਬੋਲਦਿਆਂ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਪਹਿਲੀ ਅਕਤੂਬਰ 1921 ਨੂੰ ਜਨਮੇਂ ਅਤੇ 5 ਜੂਨ 2017 ਨੂੰ ਸਵਰਗਵਾਸ ਹੋਏ ਸ਼੍ਰੀ ਮੁੰਦਰਾ ਦੀਆਂ ਸਮਾਜ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਬਜ਼ੁਰਗਾਂ ਦੀ ਬੇਹਤਰੀ, ਸਿੱਖਿਆ ਦੇ ਪ੍ਰਸਾਰ ਅਤੇ ਲੋੜਵੰਦਾਂ ਲਈ ਜੋ ਉਪਰਾਲਾ ਕੀਤੇ ਹਨ ਉਹ ਜ਼ਿਲ੍ਹਾ ਰੂਪਨਗਰ 'ਚ ਆਪਣੇ ਆਪ ਵਿੱਚ ਇਕ ਮਿਸਾਲ ਹੈ।
ਉਨ੍ਹਾਂ ਦੀਆਂ ਲੋਕਾਂ ਪ੍ਰਤੀ ਸੇਵਾਵਾਂ ਨੂੰ ਯਾਦ ਕਰਨ ਨਾਲ ਸਮਾਜ ਸੇਵਾ ਦੇ ਕੰਮ ਕਰਨ ਲਈ ਨਵਾਂ ਉਤਸਾਹ ਮਿਲਦਾ ਹੈ। ਰਾਜਿੰਦਰ ਸੈਣੀ ਨੇ ਕਿਹਾ ਕਿ ਸ਼੍ਰੀ ਮੁੰਦਰਾ ਦੀ ਸੋਚ ਨੂੰ ਵੱਡੀ ਗਿਣਤੀ ਸ਼ਹਿਰ ਵਾਸੀ ਅੱਗੇ ਵੱਧਾ ਰਹੇ ਹਨ ਅਤੇ ਬਜ਼ੁਰਗਾਂ ਲਈ ਸਥਾਪਿਤ ''ਆਪਣਾ ਘਰ" ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਨ, ਮਨ ਤੇ ਧਨ ਸਹਿਯੋਗ ਕਰ ਰਹੇ ਹਨ। ਉਨ੍ਹਾਂ ਸੰਸਥਾ ਵਲੋਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬੋਲਦਿਆ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਦਰਸ਼ਨ ਜੈਨ, ਬਹਾਦਰਜੀਤ ਸਿੰਘ ਤੇ ਵਿਨੋਦ ਜੈਨ ਨੇ ਕਿਹਾ ਕਿ ਸ਼੍ਰੀ ਮੁੰਦਰਾ ਜੀ ਦੇ ਨੇਕ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਐਮ.ਸੀ. ਸ਼ਰਮਾ, ਜੇ.ਐਸ. ਭਾਟੀਆ, ਬਲਵਿੰਦਰ ਕੌਰ, ਸੰਦੀਪ ਸਿੰਘ ਮੁੰਦਰਾ, ਰਾਜਿੰਦਰ ਸਿੰਘ, ਐਸ. ਐਮ. ਸਿੰਘ, ਵਰਿੰਦਰ ਸ਼ਰਮਾ, ਸਤੀਸ਼ਵਰ ਖੰਨਾ, ਹਜ਼ਾਰਾ ਸਿੰਘ ਆਦਿ ਹਾਜ਼ਰ ਸਨ।