ਮਨਪ੍ਰੀਤ ਸਿੰਘ ਜੱਸੀ
- ਸੈਨੀਟੇਸ਼ਨ ਸਬੰਧੀ ਸ਼ਿਕਾਇਤਾਂ ਵਾਸਤੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਜਾਵੇਗਾ
ਅੰਮ੍ਰਿਤਸਰ, 1 ਅਕਤੂਬਰ 2020 - ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੱਲ੍ਹ 2 ਅਕਤੂਬਰ ਗਾਂਧੀ ਜਯੰਤੀ ਮੌਕੇ ਸਵੱਛ ਅੰਮ੍ਰਿਤਸਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਮਹਾਰਾਜਾ ਰਣਜੀਤ ਸਿੰਘ ਚੌਂਕ, ਹੈਰੀਟੇਜ਼ ਸਟਰੀਟ ਤੋਂ ਸਾਂਝੇ ਤੌਰ ਤੇ ਕਰਨਗੇ। ਇਹ ਮੁਹਿੰਮ 2 ਅਕਤੂਬਰ ਤੋਂ 30 ਨਵੰਬਰ ਤੱਕ ਚਲਾਈ ਜਾਵੇਗੀ। ਇਸ ਮਹਿੰਮ ਦੌਰਾਨ ਵਾਰਡ ਪੱਧਰੀ ਮੁਕਾਬਲੇ 2 ਅਕਤੂਬਰ ਤੋਂ 30 ਨਵੰਬਰ ਵਿਚਾਲੇ ਹੋਣਗੇ।
ਇਸ ਤੋਂ ਇਲਾਵਾ ਮੁਹਿੰਮ ਦੌਰਾਨ ਜਿੰਗਲ, ਫਿਲਮਾਂ, ਪੋਸਟਰ ਬਣਾਉਣਾ, ਚਿੱਤਰਕਲਾ, ਨੁੱਕਰ ਨਾਟਕ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਕਿ 30 ਅਕਤੂਬਰ ਤੱਕ ਚਲੇਗੀ। ਹੋਟਲ, ਸਕੂਲ, ਮੁਹੱਲਾ ਤੇ ਸਰਕਾਰੀ ਅਦਾਰਿਆਂ ਦੀ ਸਵੱਛਤਾ ਰੈਕਿੰਗ ਵੀ 30 ਅਕਤੂਬਰ ਤੱਕ ਕੀਤੀ ਜਾਵੇਗੀ। ਇਸੇ ਸਬੰਧ ਦੇ ਚਲਦਿਆਂ ਸੈਨੀਟੇਸ਼ਨ ਸਬੰਧੀ ਸ਼ਿਕਾਇਤਾ ਵਾਸਤੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿਸ 'ਤੇ ਅੰਮ੍ਰਿਤਸਰ ਵਾਸੀ ਸੰਪਰਕ ਕਰ ਸਕਦੇ ਹਨ। ਅੰਮ੍ਰਿਤਸਰ ਸ਼ਹਿਰ ਦੇ ਸਵੱਛਤਾ ਚੈਂਪੀਅਨ ਵਾਸਤੇ ਆਨਲਾਈਨ ਸੁਝਾਅ ਮੰਗੇ ਜਾਣਗੇ। ਉਸ ਚੈਂਪੀਅਨ ਨੂੰ ਮੁਹਿੰਮ ਦੇ ਖ਼ਤਮ ਹੋਣ ਉਪਰੰਤ ਸਨਮਾਨਿਤ ਕੀਤਾ ਜਾਵੇਗੀ।