ਕਿਸਾਨਾਂ ਵੱਲੋਂ ਟੋਲ ਪਲਾਜ਼ਾ ਉੱਪਰ ਦਿੱਤੇ ਗਏ ਧਰਨੇ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂ ਹਰਸਹਾਏ / ਜਲਾਲਾਬਾਦ 1 ਅਕਤੂਬਰ , ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ , ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤਾਂ ਦਾ ਭਰੋਸਾ ਅਤੇ ਖੇਤੀ ਸੇਵਾਵਾਂ ਕਾਨੂੰਨ 2020, ਖੇਤੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤਾਂ) ਕਾਨੂੰਨ 2020 ਅਤੇ ਜਰੂਰੀ ਵਸਤੂਆਂ (ਸੋਧ) ਕਾਨੂੰਨ 2020 ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਐਕਸ਼ਨ ਲੈਂਦਿਆਂ ਫਿਰੋਜ਼ਪੁਰ - ਫ਼ਾਜਿਲਕਾ ਸੜਕ ਉੱਪਰ ਲੱਗੇ ਟੋਲ ਪਲਾਜ਼ਾ ਉੱਪਰ ਧਰਨਾ ਲਗਾ ਕੇ ਟੋਲ ਟੈਕਸ ਦੀ ( ਵਸੂਲੀ ) ਪਰਚੀ ਕੱਟਣ ਤੇ ਰੋਕ ਲਗਾ ਦਿੱਤੀ ਹੈ ਅਤੇ ਨਾਲ ਹੀ ਰਿਲਾਇੰਸ ਪੈਟਰੋਲ ਪੰਪ ਨੂੰ ਘੇਰ ਕੇ ਪੰਪ ਉਪਰ ਤੇਲ ਦੀ ਵਿਕਰੀ ਨਹੀਂ ਹੋਣ ਦਿੱਤੀ ਜਾ ਰਹੀ ।
ਰਿਲਾਇੰਸ ਪੈਟਰੋਲ ਪੰਪ ਜਲਾਲਾਬਾਦ ਵਿਖੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਮੋਰਚੇ ਦਾ ਦ੍ਰਿਸ਼ । ਤਸਵੀਰ : ਜਗਦੀਸ਼ ਥਿੰਦ
_____________________________________
ਕਿਸਾਨਾਂ ਵੱਲੋਂ ਟੋਲ ਪਲਾਜ਼ਾ ਉੱਪਰ ਧਰਨਾ ਮਾਰ ਦੇਣ ਤੋਂ ਬਾਅਦ ਟੋਲ ਬੈਰੀਅਰ ਮਾਹਮੂਜੋਈਆ ਤੋਂ ਵਹੀਕਲ ਬਿਨਾਂ ਪਰਚੀ ਕਟਾਏ ਲੰਘ ਰਹੇ ਹਨ ।
ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸੇ ਤਰ੍ਹਾਂ ਹੀ ਕਾਰਪੋਰੇਟ ਘਰਾਣਿਆਂ ਦੇ ਵੱਡੇ ਸ਼ਾਪਿੰਗ ਮਾਲ ਨਹੀਂ ਖੁੱਲਣ ਦਿੱਤੇ ਜਾਣਗੇ ।
ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਰਚੀਆਂ ਗਈਆਂ ਸਾਜ਼ਿਸ਼ਾਂ ਤਹਿਤ ਹੀ ਪੰਜਾਬ , ਹਰਿਆਣਾ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਵਿਚੋਂ ਬਾਹਰ ਕਰਕੇ ਵਾਹੀਯੋਗ ਉਪਜਾਉ ਜ਼ਮੀਨ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਇਹ ਕਾਨੂੰਨ ਲਿਆਂਦੇ ਗਏ ਹਨ ।
ਇਸ ਮੌਕੇ ਕਿਸਾਨ ਆਗੂ ਸੱਤਪਾਲ ਬੱਟੀ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵਰਗ , ਆੜ੍ਹਤੀ ਅਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਸਾਰੇ ਹੀ ਵਰਗਾਂ ਨੂੰ ਆਰਥਿਕ ਨੁਕਸਾਨ ਹੋਵੇਗਾ ।
ਕਿਸਾਨ ਆਗੂਆਂ ਵੱਲੋਂ ਪੰਪ ਤੇ ਟੋਲ ਟੈਕਸ ਘੇਰੇ ਜਾਣ ਤੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਇੱਥੇ ਤਾਇਨਾਤ ਤਾਂ ਕਰ ਦਿੱਤੀਆਂ ਗਈਆਂ ਹਨ ਪਰ ਉਹ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰਨ ਦਾ ਕੰਮ ਦੇਖ ਰਹੇ ਹਨ ।
ਇਸ ਮੌਕੇ ਕਿਸਾਨ ਆਗੂ ਸਾਵਣ ਮੱਲ , ਹਰਮੀਤ ਸਿੰਘ , ਗੁਰਚਰਨ ਸਿੰਘ ਲਾਹੌਰੀਆ , ਸੁਨੀਲ ਭੋਡੀਪੁਰ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ।