ਗੁਰਨਾਮ ਸਿੱਧੂ
- ਅਧਿਆਪਕਾਂ ਦੀਆਂ ਮੰਗਾਂ ਲਈ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਰਾਜੀਵ ਛਾਬੜਾ ਨੂੰ ਮਿਲਿਆ
ਫਿਰੋਜ਼ਪੁਰ, 1 ਅਕਤੂਬਰ 2020 - ਅੱਜ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਇਹ ਫ਼ੈਸਲਾ ਲਿਆ ਕਿ ਜ਼ਿਲ੍ਹੇ ਦੇ ਅਗਲੇ ਸੰਘਰਸ਼ ਇੱਕੋ ਪਲੇਟਫਾਰਮ ਤੋਂ ਲੜੇ ਜਾਣਗੇ। ਵੱਖੋ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਜਿਸ ਪ੍ਰਕਾਰ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਲਿਆ ਰਹੀਆਂ ਹਨ ਇਸਦਾ ਸਾਹਮਣਾ ਕਰਨ ਲਈ ਹਰ ਜਥੇਬੰਦੀ ਨੂੰ ਆਪੋ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ, ਈ ਟੀ ਟੀ ਟੈਟ ਪਾਸ ਅਧਿਆਪਕ ਯੂਨੀਅਨ(6505), ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ.), ਈ ਟੀ ਟੀ ਅਧਿਆਪਕ ਯੂਨੀਅਨ,ਡੀ ਟੀ ਐੱਫ, ਕੰਪਿਊਟਰ ਫੈਕਲਟੀ ਐਸੋਸੀਏਸ਼ਨ,ਕੰਪਿਊਟਰ ਅਧਿਆਪਕ ਯੂਨੀਅਨ, ਐੱਸ ਐੱਸ ਏ ਰਮਸਾ, 6060 ਮਾਸਟਰ ਕਾਡਰ,ਜੀ ਐੱਸ ਟੀ ਯੂ, 3582 ਅਧਿਆਪਕ ਯੂਨੀਅਨ ਇਕੱਠੀਆਂ ਹੋਈਆਂ। ਆਗੂਆਂ ਨੇ ਬਾਕੀ ਰਹਿ ਗਈਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਾਂਝਾ ਅਧਿਆਪਕ ਮੰਚ ਦਾ ਹਿੱਸਾ ਬਣਨ ਤਾਂ ਜੋ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
ਇਸ ਮੌਕੇ ਸਾਂਝਾ ਅਧਿਆਪਕ ਮੰਚ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਪ੍ਰਾਇਮਰੀ ਨੂੰ ਐੱਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ ਅਤੇ 2016 ਵਿੱਚ ਭਰਤੀ ਹੋਏ ਅਧਿਆਪਕਾਂ ਦਾ 4 ਸਾਲਾ ਏ ਸੀ ਪੀ ਜਲਦੀ ਜਾਰੀ ਕਰਨ ਦੀ ਮੰਗ ਰੱਖੀ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੀਵ ਛਾਬੜਾ ਵੱਲੋਂ ਪ੍ਰਮੋਸ਼ਨਾਂ ਇੱਕ ਹਫਤੇ ਵਿੱਚ ਕਰਨ ਦਾ ਭਰੋਸਾ ਦਿੱਤਾ। ਏ ਸੀ ਪੀ ਸੰਬੰਧੀ ਡੀ ਪੀ ਆਈ ਤੋਂ ਅਗਵਾਈ ਮੰਗੀ।
ਆਗੂਆਂ ਨੇ ਅੱਗੇ ਚਰਚਾ ਕਰਦਿਆਂ ਮੌਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹਰ ਵਰਗ ਦੀਆਂ ਵਿਰੋਧੀ ਤੇ ਮਾਰੂ ਸਿਫਾਰਸ਼ਾਂ ਕਰਾਰ ਦਿੱਤਾ। ਆਹਲੂਵਾਲੀਆ ਦੀ ਇਸ ਕਮੇਟੀ ਵਿੱਚ ਪ੍ਰੋਫੈਸ਼ਨਲ ਟੈਕਸ 200 ਰੁਪਏ ਤੋਂ ਵਧਾ ਕੇ 1650 ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰੀ ਤਨਖਾਹ ਸਕੇਲ ਦੇ ਬਰਾਬਰ ਪੰਜਾਬ ਦੇ ਮੁਲਾਜ਼ਮਾਂ ਦਾ ਤਨਖਾਹ ਸਕੇਲ ਕਰਨ ਦੀ ਗੱਲ ਕੀਤੀ ਹੈ। ਸਰਕਾਰੀ ਜਨਤਕ ਅਦਾਰਿਆਂ ਨੂੰ ਪੁਨਰਗਠਨ ਦੀ ਆੜ ਵਿੱਚ ਨਿੱਜੀਕਰਨ ਕਰਨਾ ਤੇ ਬਹ-ਰਾਸ਼ਟਰੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਅਤੇ ਤਿੰਨ ਥਰਮਲਾਂ ਨੂੰ ਬੰਦ ਕਰਨ ਦੀਆਂ ਸਿਫਾਰਸ਼ਾਂ ਇਸ ਕਮੇਟੀ ਦੁਆਰਾ ਕੀਤੀਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਮੌਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਤਿੰਨੇ ਖੇਤੀ ਆਰਡੀਨੈਂਸਾਂ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਸ ਮੌਕੇ ਹਰਜਿੰਦਰ ਹਾਂਡਾ, ਸਰਬਜੀਤ ਸਿੰਘ ਭਾਵੜਾ,ਲਖਵਿੰਦਰ ਸਿੰਘ, ਗੁਰਜੀਤ ਸੋਢੀ, ਮਲਕੀਤ ਸਿੰਘ, ਦੀਦਾਰ ਸਿੰਘ ਮੁੱਦਕੀ, ਰਾਜਦੀਪ ਸੰਧੂ, ਬਾਜ ਸਿੰਘ, ਨਵੀਨ ਕੁਮਾਰ, ਹਰਜੀਤ ਸੰਧੂ, ਜਗਬੀਰ ਸਿੰਘ, ਗੁਰਸੇਵਕ ਸਿੰਘ, ਸੰਦੀਪ ਚੌਧਰੀ ਆਦਿ ਅਧਿਆਪਕ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਕਤ ਮੁਲਾਜ਼ਮ ਮਾਰੂ ਨੀਤੀਆਂ ਦੀ ਆਹਲੂਵਾਲੀਆ ਰਿਪੋਰਟ ਦੇ ਵਿਰੋਧ ਵਿੱਚ ਮਾਉਂਟੇਕ ਸਿੰਘ ਆਹਲੂਵਾਲੀਆ ਦਾ ਬੱਟ ਸਾੜਿਆ ਜਾਵੇਗਾ। ਆਗੂਆਂ ਨੇ ਅੰਤ ਵਿੱਚ ਬਾਕੀ ਜ਼ਿਲਿਆਂ ਨੂੰ ਵੀ ਆਪੋ ਆਪਣੇ ਪੱਧਰ ਤੇ ਇੱਕੋ ਅਧਿਆਪਕ ਜਥੇਬੰਦੀ ਬਣਾਉਣ ਦੀ ਅਪੀਲ ਕੀਤੀ।