ਮਨਪ੍ਰੀਤ ਸ਼ਿੰਘ ਜੱਸੀ
- ਇਸ ਦੇ ਨਾਲ ਲੋਕਾਂ ਦਾ ਵੀ ਸਹਿਯੋਗ ਵੀ ਜਰੂਰੀ
ਅੰਮ੍ਰਿਤਸਰ, 1 ਅਕਤੂਬਰ, 2020 - ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸਵੱਛਤਾ ਸਰਵੇਖਣ-2021 ਵਿਚ ਗੁਰੂ ਨਗਰੀ ਨੂੰ ਅਵੱਲ ਲਿਆਉਣ ਲਈ ਵਾਰਡ ਨੰ 3 ਅਤੇ 5 ਦੇ ਲੋਕਾਂ ਨੁੰ ਸਾਫ਼-ਸਫਾਈ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਅਵਸਰ ਤੇ ਕੌਂਸਲਰ ਸ਼ਰਨਜੀਤ ਕੌਰ, ਕੌਂਸਲਰ ਜਤਿੰਦਰ ਕੌਰ, ਸਿਹਤ ਅਫ਼ਸਰ ਡਾ: ਅਜੈ ਕੰਵਰ, ਚੀਫ਼ ਸੈਨੇਟਰੀ ਇੰਸਪੈਕਟਰ ਨਿਰਭੈ ਸਿੰਘ, ਫੀਡ ਬੈਕ ਕੰਪਨੀ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨਿਗਮ ਪ੍ਰਸ਼ਾਸਨ ਵੱਲੋਂ ਪੂਰੇ ਜ਼ੋਰਾਂ ਨਾਲ ਹਰ ਦਿਨ ਸ਼ਹਿਰ ਦੇ ਪੰਜੇ ਵਿਧਾਨ ਸਭਾ ਹਲਕਿਆਂ ਵਿਚ ਪੈਂਦੀਆਂ ਵੱਖ-ਵੱਖ ਵਾਰਡਾਂ ਵਿਚ ਜਾ ਕੇ ਸਫਾਈ ਸਬੰਧੀ ਸ਼ਹਿਰਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵੱਜੋਂ ਸ਼ਹਿਰ ਦੀ ਸਫਾਈ ਵਿਵਸਥਾ ਬੇਹਤਰ ਹੋਈ ਹੈ। ਉਹਨਾਂ ਕਿਹਾ ਕਿ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਇਕ ਕਰਕੇ ਸ਼ਹਿਰ ਦੀ ਸਫਾਈ ਦੇ ਕੰਮ ਵਿਚ ਲੱਗੇ ਹੋਏ ਹਨ ਤੇ ਨਿਗਮ ਦੇ ਸਫਾਈ ਸੈਨਿਕ ਸਵੇਰੇ-ਸਵੇਰੇ ਸ਼ਹਿਰ ਦੀਆਂ ਗਲੀਆਂ-ਬਜਾਰਾਂ ਦੀ ਸਫਾਈ ਕਰਕੇ ਇਸ ਨੂੰ ਸਵੱਛ ਬਣਾ ਰਹੇ ਹਨ, ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਚਾਹੀਦਾ ਹੈ। ਲੋਕ ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਰੱਖਣ ਅਤੇ ਕੂੜਾ ਲਿਫਟਿੰਗ ਵਾਲੀਆਂ ਗੱਡੀਆਂ ਵਿਚ ਹੀ ਆਪਣਾ ਕੂੜਾ ਸੁੱਟਣ। ਉਹਨਾ ਕਿਹਾ ਦੇ ਜਨਤਾ ਦੇ ਸਹਿਯੋਗ ਨਾਲ ਹੀ ਨਿਗਮ ਪ੍ਰਸ਼ਾਸਨ ਅੰਮ੍ਰਿਤਸਰ ਸ਼ਹਿਰ ਨੂੰ ਸਵੱਛਤਾ ਸਰਵੇਖਣ-2021 ਵਿਚ ਅੱਵਲ ਲਿਆ ਸਕਦਾ ਹੈ।