ਹਰਜਿੰਦਰ ਸਿੰਘ ਭੱਟੀ
- ਕਾਨੂੰਨ ਤੇ ਵਿਵਸਥਾ ਅਤੇ ਲੋਕਾਂ ਦੀਆਂ ਸ਼ਿਕਾਇਤ ਨਿਪਟਾਰੇ 'ਤੇ ਦਿੱਤਾ ਜਾਵੇਗਾ ਪੂਰਾ ਧਿਆਨ
- ਪੁਲਿਸ ਵਲੋਂ ਲੋਕ ਹਿਤੈਸ਼ੀ ਵਿਹਾਰ ਅਮਲ ਵਿੱਚ ਲਿਆਉਣ ਦੀ ਕੀਤੀ ਵਕਾਲਤ
- ਔਰਤਾਂ ਤੇ ਬਜ਼ੁਰਗਾਂ ਦੀ ਸੁਰੱਖਿਆ, ਟਰੈਫਿਕ ਪ੍ਰਬੰਧਨ, ਕੋਵਿਡ-19 ਸੁਰੱਖਿਆ ਸਾਵਧਾਨੀਆਂ 'ਤੇ ਵੀ ਰਹੇਗਾ ਧਿਆਨ
- ਸਗੰਠਿਤ ਤੇ ਵਾਈਟ ਕਾਲਰ ਅਪਰਾਧ 'ਤੇ ਵਿਸ਼ੇਸ਼ ਚੌਕਸੀ
- ਪੁਲਿਸ ਥਾਣਿਆਂ ਦੇ ਕੰਮਕਾਜ 'ਤੇ ਰੱਖੀ ਜਾਵੇਗੀ ਤਿੱਖੀ ਨਜ਼ਰ
ਐਸ.ਏ.ਐਸ ਨਗਰ, 1 ਅਕਤੂਬਰ 2020 - ਜਿਲ੍ਹਾ ਐਸ.ਏ.ਐਸ.ਨਗਰ ਦੇ ਨਵੇਂ ਐਸ.ਐਸ.ਪੀ ਸਤਿੰਤਰ ਸਿੰਘ ਨੇ ਬੁੱਧਵਾਰ ਨੂੰ ਦੇਰ ਸ਼ਾਮ ਨੂੰ ਅਹੁਦਾ ਸੰਭਾਲਿਆ। ਉਹਨਾਂ ਨੂੰ ਡੈਪੂਟੇਸ਼ਨ 'ਤੇ ਚੰਡੀਗੜ੍ਹ ਦੇ ਐਸਐਸਪੀ ਵਜੋਂ ਸੇਵਾ ਨਿਭਾ ਰਹੇ ਕੁਲਦੀਪ ਸਿੰਘ ਚਾਹਲ ਦੀ ਥਾਂ 'ਤੇ ਲਗਾਇਆ ਗਿਆ ਹੈ।
ਚਾਰਜ ਸੰਭਾਲਣ ਪਿੱਛੋਂ ਪੀ.ਪੀ.ਐਸ ਅਧਿਕਾਰੀ ਨੇ ਆਪਣੇ ਮਾਤਹਿਤਾਂ ਨਾਲ ਇੱਕ ਮੀਟਿੰਗ ਕੀਤੀ। ਆਪਣੀਆਂ ਤਰਜੀਹਾਂ ਨੂੰ ਸਪੱਸ਼ਟ ਕਰਦਿਆਂ ਐਸ.ਐਸ.ਪੀ ਨੇ ਕਿਹਾ ਕਿ ਅਮਨ-ਕਾਨੂੰਨ ਨੂੰ ਕਾਇਮ ਰੱਖਣ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਸਮਾਜ ਵਿਰੋਧੀ ਤੱਤਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ।
ਸਤਿੰਦਰ ਸਿੰਘ ਨੇ ਪੁਲਿਸ-ਜਨਤਕ ਭਾਗੀਦਾਰੀ ਦੇ ਅਧਾਰ 'ਤੇ ਪੁਲਿਸ ਵਲੋਂ ਦੋਸਤਾਨਾ ਵਿਹਾਰ ਅਪਣਾਏ ਜਾਣ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ ਤਾਂ ਜੋ ਉਹ ਅੱਗੇ ਆ ਕੇ ਆਪਣੇ ਆਲੇ-ਦੁਆਲੇ ਦੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਸਬੰਧੀ ਸੂਚਨਾ ਦੇਣ ਦਾ ਹੌਸਲਾ ਕਰ ਸਕਣ।
ਉਨ੍ਹਾਂ ਇਹ ਵੀ ਦੱਸਿਆ ਕਿ ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ, ਟ੍ਰੈਫਿਕ ਪ੍ਰਬੰਧਨ, ਕੋਵਿਡ 19 ਸੇਫਟੀ ਪ੍ਰੋਟੋਕੋਲ ਦੀ ਪਾਲਣਾ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੰਗਠਿਤ / ਵਾਈਟ ਕਾਲਰ ਕ੍ਰਾਈਮ 'ਤੇ ਤਿੱਖੀ ਨਜ਼ਰ ਰੱਖਣ ਜਾਵੇਗੀ ਅਤੇ ਸਾਰੇ ਥਾਣਿਆਂ ਦੇ ਕੰਮਕਾਜ ਦਾ ਮੁਲਾਂਕਣ ਕਰਨ ਲਈ ਥਾਣਿਆਂ ' ਤੇ ਨੇੜਿਓ ਨਜ਼ਰ ਰੱਖੀ ਜਾਵੇਗੀ।
ਦੱਸਣਯੋਗ ਹੈ ਕਿ 1990 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਸਤਿੰਦਰ ਸਿੰਘ ਕਪੂਰਥਲਾ, ਖੰਨਾ, ਐਸ. ਬੀ.ਐਸ ਨਗਰ ਅਤੇ ਜਲੰਧਰ (ਦਿਹਾਤੀ) ਦੇ ਐਸ.ਐਸ.ਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।