ਰਾਜਵੰਤ ਸਿੰਘ
- ਮੋਟਰਸਾਇਕਲ ਸਵਾਰ ਦੋਵੇਂ ਜੀਆਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਮਾਰੀ ਸੀ ਜਬਰਦਸਤ ਟੱਕਰ
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ 2020 - ਸਥਾਨਕ ਬੂੜਾ ਗੁੱਜ਼ਰ ਰੋਡ ’ਤੇ ਅੱਜ ਦੇਰ ਸ਼ਾਮ ਹੋਏ ਸੜਕ ਹਾਦਸੇ ਦੌਰਾਨ ਇੱਕ ਪਤੀ-ਪਤਨੀ ਦੀ ਮੌਤ ਹੋਣ ਦਾ ਸਮਾਚਾਰ ਹੈ। ਹਾਦਸੇ ਦੌਰਾਨ ਦੋਵਾਂ ਜੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਇਸ ਹਾਦਸੇ ਦੀ ਸੂਚਨਾ ਰਾਹਗੀਰਾਂ ਵਲੋਂ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ, ਜਿੰਨ੍ਹਾਂ ਮੌਕੇ ’ਤੇ ਪਹੁੰਚ ਕੇ ਮਿ੍ਰਤਕਾਂ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ’ਤੇ ਪਹੁੰਚੇ ਥਾਣਾ ਸਿਟੀ ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਬਚਨ ਸਿੰਘ (53) ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ (48) ਵਾਸੀ ਗੋਬਿੰਦਗੜ੍ਹ ਬਸਤੀ (ਗੁਰੂਹਰਸਹਾਏ) ਆਪਣੀ ਬਿਮਾਰ ਭਰਜਾਈ ਦਾ ਪਤਾ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਸਨ। ਅੱਜ ਕਰੀਬ ਸ਼ਾਮ 5 ਵਜੇ ਜਦੋਂ ਉਹ ਮੋਟਰਸਾਇਕਲ ਨੰਬਰ ਪੀਬੀ 05 ਆਰ 4425 ’ਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਜਾ ਰਹੇ ਸਨ ਤਾਂ ਬੂੜਾ ਗੁੱਜ਼ਰ ਰੋਡ ਬਾਈਪਾਸ ’ਤੇ ਉਨ੍ਹਾਂ ਦੇ ਮੋਟਰਸਾਇਕਲ ਦੀ ਟੱਕਰ ਕਿਸੇ ਅਣਪਛਾਤੇ ਵਾਹਨ ਨਾਲ ਹੋ ਗਈ। ਟੱਕਰ ਐਨੀ ਜਬਰਦਸਤ ਸੀ ਕਿ ਦੋਵੇਂ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਫ਼ਿਲਹਾਲ ਪੁਲਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।