- ਸਾਰੇ ਮਰੀਜ਼ ਸਿਵਲ ਹਸਪਤਾਲ ਕੀਤੇ ਜਾਣਗੇ ਸ਼ਿਫਟ
- ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਾਨਟੈਕਟ ਟਰੇਸਿੰਗ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਕਰਨ ਦੇ ਦਿੱਤੇ ਨਿਰਦੇਸ਼
- ਨਿੱਜੀ ਹਸਪਤਾਲਾਂ ਨੂੰ ਐਮਰਜੈਂਸੀ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਕਿਹਾ
ਜਲੰਧਰ, 1 ਅਕਤੂਬਰ 2020 - ਕੋਰੋਨਾ ਵਾਇਰਸ ਦੇ ਲਗਾਤਾਰ ਘੱਟ ਰਹੇ ਕੇਸਾਂ ਅਤੇ ਮੌਤ ਦਰ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ ਹੋਈ ਗੱਲਬਾਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਰੀਟੋਰੀਅਸ ਸਕੂਲ, ਕਪੂਰਥਲਾ ਰੋਡ ਵਿੱਚ ਚੱਲ ਰਹੇ ਕੋਵਿਡ ਕੇਅਰ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਥੇ ਮੌਜੂਦ ਸਾਰੇ 24 ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਸ਼ਾਮ ਸਿਹਤ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿੱਚ ਦਿੱਤੀ।
ਉਨ੍ਹਾਂ ਮੀਟਿੰਗ ਵਿੱਚ ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨਿਜੀ ਹਸਪਤਾਲਾਂ ਨੂੰ ਕਿਹਾ ਕਿ ਉਹ ਐਮਰਜੈਂਸੀ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦਾ ਇਲਾਜ ਕਰਨ ਤਾਂ ਜੋ ਉਨ੍ਹਾਂ ਨੂੰ ਸਿਹਤ ਸਹੂਲਤਾਂ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੌਰਾਨ ਪੋਜ਼ੀਟਿਵ ਮਰੀਜ਼ਾਂ ਦੀ ਕਾਨਟੈਕਟ ਟਰੇਸਿੰਗ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਟੈਸਟਿੰਗ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਇਹ ਦੋਵੇਂ ਕਦਮ ਮੀਲ ਦਾ ਪੱਥਰ ਸਾਬਤ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਨਟੈਕਟ ਟਰੇਸਿੰਗ ਅਤੇ ਟੈਸਟਿੰਗ ਮੁਹਿੰਮ ਤੇਜ਼ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਕਿਸੇ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਜਿੰਨੇ ਜ਼ਿਆਦਾ ਲੋਕਾਂ ਦੀ ਪਹਿਚਾਨ ਕੀਤੀ ਜਾਵੇਗੀ, ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਓਨੀ ਹੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਜਿੰਨੀ ਜਲਦੀ ਆਈਸੋਲੇਟ ਹੋ ਜਾਣਗੇ, ਵਾਇਰਸ ਫੈਲਣ ਦੀ ਚੇਨ ਉਥੇ ਹੀ ਰੁਕ ਜਾਵੇਗੀ।
ਇਸ ਮੌਕੇ ਏਡੀਸੀ (ਡੀ) ਵਿਸ਼ੇਸ਼ ਸਾਰੰਗਲ, ਐਸਡੀਐਮ ਰਾਹੁਲ ਸਿੰਧੂ, ਡਾ. ਸੰਜੀਵ ਸ਼ਰਮਾ, ਡਾ. ਜੈਇੰਦਰ ਸਿੰਘ, ਗੌਤਮ ਜੈਨ, ਪੁੱਡਾ ਦੇ ਈ.ਓ. ਨਵਨੀਤ ਕੌਰ ਬਲ, ਜੁਆਇੰਟ ਕਮਿਸ਼ਨਰ ਐਮ ਸੀ ਇਨਾਇਤ ਗੁਪਤਾ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ ਤੇ ਹੋਰ ਮੌਜੂਦ ਸਨ।