ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ ਲੈਂਦੇ ਹੋਏ
ਜਗਦੀਸ਼ ਥਿੰਦ
ਫ਼ਾਜ਼ਿਲਕਾ, 1 ਅਕਤੂਬਰ
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਮਾਲ ਵਿਭਾਗ ਦੇ ਸਮੂਚੇ ਸਟਾਫ ਨਾਲ ਬੈਠਕ ਕੀਤੀ ਅਤੇ ਇਸ ਮੌਕੇ ਉਨਾਂ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਬਾਰਿਸ਼ਾਂ ਨਾਲ ਹੋਏ ਨੁਕਸਾਨ ਦੀ ਵਿਸੇਸ਼ ਗਿਰਦਾਵਰੀ ਦਾ ਕੰਮ ਸਮਾਂਬੱਧ ਤਰੀਕੇ ਨਾਲ ਛੇਤੀ ਮੁਕੰਮਲ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਕਿ ਕੋਈ ਵੀ ਯੋਗ ਵਿਅਕਤੀ ਦਾ ਨਾਂਅ ਸ਼ਾਮਿਲ ਕਰਨ ਤੋਂ ਵਾਂਝਾ ਨਾ ਰਹੇ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਛੇਤੀ ਮੁਆਵਜਾ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੈਠਕ ਦੌਰਾਨ ਪਟਵਾਰੀਆਂ ਅਤੇ ਕਾਨੂੰਗੋ ਨੂੰ ਕਿਹਾ ਕਿ ਉਹ ਸਮਾਜ ਵਿਚ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਆਪੋ ਆਪਣੇ ਪਿੰਡਾਂ ਵਿਚ ਲੋਕਾਂ ਨੂੰ ਕਰੋਨਾਂ ਦੇ ਟੈਸਟ ਕਰਵਾਉਣ ਅਤੇ ਜਰੂਰੀ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕਰਨ। ਉਨਾਂ ਨੇ ਇਸ ਮੌਕੇੋ ਸਿਹਤ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ ਆਦਿ ਨੂੰ ਵੀ ਨਿਰਦੇਸ ਦਿੱਤੇ ਕਿ ‘ਚੇਤਨ ਫਾਜ਼ਿਲਕਾ’ ਪ੍ਰੋਗਰਾਮ ਤਹਿਤ ਲੋਕਾਂ ਨੂੰ ਕਰੋਨਾ ਦੇ ਖਤਰੇ ਪ੍ਰਤੀ ਜਾਗਰੂਕ ਕਰਕੇ ਉਨਾਂ ਦੇ ਮਨ ਦੇ ਸੰਕੇ ਦੂਰ ਕਰਨ ਲਈ ਅਭਿਆਨ ਚਲਾਇਆ ਜਾਵੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਟੈਸਟ ਕਰਵਾਉਣ ਲਈ ਅੱਗੇ ਆਉਣ ਅਤੇ ਇਸ ਬਿਮਾਰੀ ਦਾ ਪਸਾਰ ਰੁੱਕ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਅਦਾਰਿਆਂ ਨੂੰ ਕਿਹਾ ਕਿ ਉਹ ਆਪਣੇ ਗੇਟ ਤੇ ਲਗਾਉਣ ਕਿ ਮਾਸਕ ਬਿਨਾਂ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੀ ਅਭਿਆਨ ਚਲਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਮਾਲ ਵਿਭਾਗ ਦਾ ਸਟਾਫ ਨਸ਼ੇ ਤੋਂ ਪੀੜਤ ਲੋਕਾਂ ਨੂੰ ਪ੍ਰੇਰਿਤ ਕਰੇ ਕਿ ਉਹ ਸਰਕਾਰੀ ਹਸਪਤਾਲ ਆ ਕੇ ਨਸ਼ੇ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।
ਬੈਠਕ ਵਿਚ ਐਸ.ਡੀ.ਐਮ. ਸ: ਸੂਬਾ ਸਿੰਘ, ਸ: ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਅਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਸਟਾਫ ਦੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਉਨਾਂ ਨੂੰ ਹੱਲ ਦਾ ਭਰੋਸਾ ਦਿੱਤਾ।