ਦੀਪਕ ਜੈਨ
- ਮੋਦੀ ਸਰਕਾਰ ਛੜਿਆਂ ਦੀ ਸਰਕਾਰ ਹੈ : ਚੇਅਰਮੈਨ ਗੇਜਾ ਰਾਮ
ਜਗਰਾਓਂ, 1 ਅਕਤੂਬਰ 2020 - ਯੂਪੀ ਦੇ ਹਾਥਰਸ ਵਿਖੇ ਹੋਏ ਜਾਬਰ ਜਨਾਹ ਅਤੇ ਕਤਲ ਦੇ ਮਾਮਲੇ ਤੋਂ ਅੱਜ ਹਰ ਦੇਸ਼ ਨਿਵਾਸੀ ਦੁਖੀ ਹੈ ਅਤੇ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਕਈ ਲੋਕ ਅਤੇ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਵੀ ਕਰ ਰਹੀਆਂ ਹਨ। ਅੱਜ ਜਗਰਾਓਂ ਵਿਖੇ ਵੀ ਇਸ ਮਾਮਲੇ ਵਿਚ ਪੀੜਿਤ ਪਰਿਵਾਰ ਨੂੰ ਇਨਸਾਫ ਦਵਾਉਣ ਨੂੰ ਲੈ ਕੇ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਵਲੋਂ ਵਿਰੋਧ ਪ੍ਰਦਰਸ਼ਨ ਕਰਦਿਆਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਯੋਗੀ ਅਦਿਤ੍ਯਨਾਥ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਮੌਕੇ ਪੁਤਲਾ ਫੂਕਣ ਤੋਂ ਬਾਅਦ ਸ਼ਹਿਰ ਵਿਚ ਗੇਜਾ ਰਾਮ ਵਲੋਂ ਵਾਲਮੀਕਿ ਭਾਈਚਾਰੇ ਨੂੰ ਨਾਲ ਲੈਕੇ ਕੈਂਡਲ ਮਾਰਚ ਵੀ ਕੱਡਿਆ ਗਿਆ।
ਇਸ ਮੌਕੇ ਗੇਜਾ ਰਾਮ ਨੇ ਕਿਹਾ ਕਿ ਭਾਜਪਾ ਦੇ ਨੇਤਾ ਅੱਜ ਕੱਲ੍ਹ ਦੇਸ਼ ਵਿਚ ਕਾਨੂੰਨ ਵਿਵਸਥਾ ਦਰੁਸਤ ਕਰਨ ਵਿਚ ਫੇਲ੍ਹ ਸਾਬਿਤ ਹੋ ਰਹੇ ਹਨ ਅਤੇ ਰੋਜਾਨਾ ਹੀ ਦੇਸ਼ ਵਿਚ ਕਈ ਮਹਿਲਾਵਾਂ ਰੇਪ ਵਰਗੇ ਜੁਰਮਾਂ ਦੀ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਪੀ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ ਅਤੇ ਉੱਥੇ ਗੁੰਡਾਗਰਦੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਾਥਰਸ ਦੀ ਇਸ ਘਟਨਾ ਨੇ ਪੂਰਾ ਦੇਸ਼ ਹਿਲਾਕੇ ਰੱਖ ਦਿੱਤਾ ਹੈ। ਗੇਜਾ ਰਾਮ ਨੇ ਮੰਗ ਕੀਤੀ ਕਿ ਯੂਪੀ ਸਰਕਾਰ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗਿਰਫ਼ਤਾਰ ਕਰੇ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦੁਆਵੇ। ਚੇਅਰਮੈਨ ਗੇਜਾ ਰਾਮ ਵਲੋਂ ਮੋਦੀ ਸਰਕਾਰ ਨੂੰ ਛੜਿਆਂ ਦੀ ਸਰਕਾਰ ਦੱਸਿਆ ਗਿਆ। ਇਸ ਮੌਕੇ ਅਮਿਤ ਕਲਿਆਣ, ਸੰਜੂ ਵਰਮਾ, ਰਜਤ ਅਰੋੜਾ, ਰੋਹਿਤ ਵਾਲੀਆ , ਰਿਮਪੀ ਲੱਧੜ , ਗੋਰਾ ਲੱਧੜ , ਅਵਤਾਰ ਸਿੰਘ , ਅਰੁਣ ਗਿਲ ਆਦਿ ਮੌਜੂਦ ਸਨ।