ਜੀ ਐਸ ਪੰਨੂ
ਫ਼ਤਹਿਗੜ੍ਹ ਸਾਹਿਬ/ਬੱਸੀ ਪਠਾਣਾਂ, 1 ਅਕਤੂਬਰ 2020 - ਬਸੀ ਪਠਾਣਾ ਪੁਲਿਸ ਵੱਲੋਂ ਆਪਣੇ ਆਪ ਨੂੰ ਕਿਸੇ ਉਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦਾ ਪੀ.ਏ. ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 02 ਵਿਅਕਤੀਆਂ, ਜੋ ਕਿ ਸਕੇ ਭਰਾ ਹਨ, ਨੂੰ ਕਾਬੂ ਕੀਤਾ ਗਿਆ ਹੈ। ਇਹ ਦੋਵੇਂ ਖ਼ੁਦ ਨੂੰ ਡੇਵਿਡ ਸ਼ਰਮਾ ਦੱਸ ਕੇ ਫ਼ੋਨ ਕਰਦੇ ਸਨ।
ਡੀ.ਐਸ.ਪੀ. ਬਸੀ ਪਠਾਣਾ ਸੁਖਮਿੰਦਰ ਚੌਹਾਨ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਦਿੱਤੀ ਗਈ ਸੀ ਕਿ ਸੰਦੀਪ ਸ਼ੁਕਲਾ ਉਰਫ ਸਨੀ ਅਤੇ ਗਗਨਦੀਪ ਸ਼ੁਕਲਾ, ਵਾਸੀ ਮਕਾਨ ਨੰ: 15, ਵਾਰਡ ਨੰ: 09, ਨੇੜੇ ਨਾਮਦੇਵ ਮੰਦਰ ਬਸੀ ਪਠਾਣਾ ਲੋਕਾਂ ਨਾਲ ਇਹ ਕਹਿ ਕੇ ਠੱਗੀਆਂ ਮਾਰਦੇ ਹਨ ਕਿ ਉਹ ਕਿਸੇ ਉਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦੇ ਪੀ.ਏ. ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਨੌਕਰੀ ਲਗਵਾਉਣ ਜਾਂ ਉਨ੍ਹਾਂ ਦਾ ਕੋਈ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਸਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਆਪਣੇ ਮੋਬਾਇਲ ਨੰ: 75089-27737 ਤੋਂ ਲੋਕਾਂ ਨੂੰ ਆਪਣੇ ਝਾਂਸੇ ਹੇਠ ਲੈ ਲੈਂਦੇ ਸਨ ਅਤੇ ਠੱਗੀਆਂ ਮਾਰਦੇ ਸਨ।
ਐਸ.ਐਚ.ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਬਸੀ ਪਠਾਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਬਸੀ ਪਠਾਣਾ ਦੀ ਮਾਰਕੀਟ ਕਮੇਟੀ ਨੇੜੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕਾਬੰਦੀ ਦੌਰਾਨ ਇਹ ਦੋਵੇਂ ਕਥਿਤ ਦੋਸ਼ੀ ਸਮੇਤ ਮੋਟਰ ਸਾਈਕਲ ਪੀ.ਬੀ.-23-ਆਰ-5571 ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਵੱਲੋਂ ਮਾਰੀਆਂ ਗਈਆਂ ਹੋਰ ਠੱਗੀਆਂ ਬਾਰੇ ਅਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।