ਰਾਜਵੰਤ ਸਿੰਘ
- ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡ ਨੇ ਪਹਿਲਾਂ ਹੀ ਸਿਆਸੀ ਲੀਡਰਾਂ ਦੇ ਪਿੰਡ ’ਚ ਨਾ ਆਉਣ ਬਾਬਤ ਪਾਇਆ ਸੀ ਮਤਾ
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ 2020 - ਜ਼ਿਲ੍ਹੇ ਦੇ ਪਿੰਡ ਗੁਰੂਸਰ ਵਿਖੇ ਅੱਜ ਹਾਲਾਤ ਉਸ ਸਮੇਂ ਬਦਲ ਗਏ, ਜਦੋਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਸ ਪਿੰਡ ’ਚ ਪੁੱਜਣ ਸਾਰ ਹੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਮੁਰਦਾਬਾਦ ਦੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਰਣਨਯੋਗ ਹੈ ਕਿ ਵਿਧਾਇਕ ਰਾਜਾ ਵੜਿੰਗ ਇਸ ਪਿੰਡ ਵਿੱਚ ਆਪਣੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਗੁਰੂਸਰ ਦੇ ਕਿਸਾਨ ਯੂਨੀਅਨ ਆਗੂਆਂ ਵੱਲੋਂ ਕੁੱਝ ਦਿਨ ਪਹਿਲਾਂ ਹੀ ਇੱਕ ਮਤਾ ਪਾ ਕੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਸਨ ਕਿ ਜਦੋਂ ਤੱਕ ਖੇਤੀ ਵਿਰੋਧੀ ਪਾਸ ਕੀਤੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਸਾਡੇ ਪਿੰਡ ਵਿੱਚ ਦਾਖ਼ਲ ਨਾ ਹੋਵੇ। ਇਸ ਮੌਕੇ ਕਿਸਾਨ ਜਸਵਿੰਦਰ ਸਿੰਘ, ਹਰਦੀਪ ਭੰਗਾਲ ਹਰਮਨ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦਾ ਕਿਸੇ ਵੀ ਇੱਕ ਸਿਆਸੀ ਪਾਰਟੀ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ, ਇਹ ਸ਼ਾਂਤੀਮਈ ਵਿਰੋਧ ਪ੍ਰਦਰਸ਼ਨ ਹੈ ਤੇ ਉਸ ਸਮੇਂ ਤੱਕ ਜਦੋਂ ਤੱਕ ਖੇਤੀ ਵਿਰੋਧੀ ਪਾਸ ਕੀਤੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਨ੍ਹਾਂ ਚਿਰ ਕੋਈ ਵੀ ਪਾਰਟੀ ਦਾ ਨੁਮਾਇੰਦਾਸਾਡੇ ਪਿੰਡ ਵਿਚ ਦਾਖਲ ਹੋਵੇਗਾ ਤਾਂ ਅਸੀਂ ਇਸੇ ਤਰ੍ਹਾਂ ਨਾਲ ਵਿਰੋਧ ਪ੍ਰਦਰਸ਼ਨ ਕਰਾਂਗੇ, ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ।
ਜਿਉਂ ਵੀ ਇਸ ਘਟਨਾ ਦਾ ਪਤਾ ਗਿੱਦੜਬਾਹਾ ਦੇ ਡੀ.ਐਸ.ਪੀ. ਗੁਰਤੇਜ ਸਿੰਘ ਅਤੇ ਪੁਲਿਸ ਥਾਣਾ ਗਿੱਦੜਬਾਹਾ ਦੇ ਐਸ.ਐਚ.ਓ. ਪਰਮਜੀਤ ਸਿੰਘ ਨੂੰ ਚੱਲਿਆ ਤਾਂ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਸਾਰੀ ਸਥਿਤੀ ਨੂੰ ਕਾਬੂ ਕੀਤਾ। ਉਧਰ ਜਦੋਂ ਇਸ ਸਬੰਧੀ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀ.ਏ. ਨੇ ਕਿਹਾ ਕਿ ਵਿਧਾਇਕ ਸਾਬ੍ਹ ਕਿਸੇ ਜਰੂਰੀ ਕੰਮ ਵਿੱਚ ਹਨ, ਇਸ ਲਈ ਇਸ ਸਮੇਂ ਗੱਲ ਨਹੀਂ ਹੋ ਸਕਦੀ।