ਜਗਦੀਸ਼ ਥਿੰਦ
ਫਾਜ਼ਿਲਕਾ, 17 ਅਕਤੂਬਰ
ਪੰਜਾਬ ਸਰਕਾਰ ਦੇ ਫਲੈਗਸਿੱਪ ਪ੍ਰੋਗਰਾਮ ਸਮਾਰਟ ਵਿਲੇਜ਼ ਸਕੀਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ ਆਨਲਾਈਨ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਕੌਮੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਕੀਤੀ। ਜ਼ਿਲਾ ਸਦਰ ਮੁਕਾਮ ਤੋਂ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਹੰਸ ਰਾਜ ਜੋਸਨ ਨੇ ਇਸ ਸਮਾਗਮ ਦੀ ਸ਼ਿਰਕਤ ਕੀਤੀ ਜਦ ਕਿ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਅਤੇ ਸ੍ਰੀ ਰਮਿੰਦਰ ਆਂਵਲਾ ਨੇ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਇਸ ਸਮਾਗਮ ਵਿਚ ਆਨਲਾਈਨ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲੇ ਵਿਚ 49 ਥਾਂਵਾਂ ਤੇ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨੇ ਇਸ ਸਮਾਗਮ ਵਿਚ ਭਾਗ ਲਿਆ।
ਇਸ ਮੌਕੇ ਸੂਬੇ ਭਰ ਦੇ ਪੰਚਾਂ ਸਰਪੰਚਾਂ ਤੇ ਪਿੰਡਾਂ ਦੇ ਵਸਨੀਕਾਂ ਨੇ ਰੂਬਰੂ ਹੰੁਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 2800 ਕਰੋੜ ਰੁਪਏ 50000 ਕੰਮਾਂ ਲਈ 13264 ਪੰਚਾਇਤਾਂ ਨੂੰ ਭੇਜੇ ਗਏ ਹਨ। ਉਨਾਂ ਨੇ ਕਿਹਾ ਕਿ ਇਸ ਰਕਮ ਨਾਲ ਪਿੰਡਾਂ ਦੇ ਬੁਨਿਆਦੀ ਵਿਕਾਸ ਦੇ ਕੰਮ ਹੋਣਗੇ ਅਤੇ ਇੰਨਾਂ ਦੀ ਰੂਪ ਰੇਖਾ ਵੀ ਪਿੰਡ ਪੱਧਰ ਤੇ ਸਥਾਨਕ ਜਰੂਰਤਾਂ ਅਨੁਸਾਰ ਹੀ ਤਿਆਰ ਕੀਤੀ ਗਈ ਹੈ। ਇਸ ਤੋਂ ਬਿਨਾਂ ਰਾਜ ਵਿਚ ਇਸ ਸਾਲ 750 ਸਟੇਡੀਅਮ ਬਣਾਏ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਇਸ ਸਕੀਮ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ।
ਇਸ ਮੌਕੇ ਸ੍ਰੀ ਰਾਹੂਲ ਗਾਂਧੀ ਨੇ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਚਾਇਤਾਂ ਸਾਡੇ ਲੋਕਤੰਤਰ ਦੀ ਨੀਂਹ ਹਨ ਅਤੇ ਇਹ ਪ੍ਰੋਗਰਾਮ ਪੰਚਾਇਤੀ ਰਾਜ ਸੰਸਥਾਵਾਂ ਦੀ ਮਜਬੂਤੀ ਦਾ ਅਧਾਰ ਬਣੇਗਾ। ਉਨਾਂ ਨੇ ਕਿਹਾ ਕਿ ਪਿੰਡ ਤਰੱਕੀ ਕਰੇਗਾ ਤਾਂਹੀਂ ਦੇਸ਼ ਤਰੱਕੀ ਕਰੇਗਾ।
ਓਧਰ ਆਨਲਾਈਨ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਪ੍ਰੋਗਰਾਮ ਪਿੰਡਾਂ ਦੀ ਨਕਸ਼ ਨੁਹਾਰ ਬਦਲੇਗਾ। ਪੰਚਾਇਤ ਮੰਤਰੀ ਸ: ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਕੀਮ ਦੇ ਪਹਿਲੇ ਪੜਾਅ ਵਿਚ 835 ਕਰੋੜ ਰੁਪਏ ਖਰਚ ਕੀਤੇ ਗਏ ਸਨ। ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਪ੍ਰੋਜੈਕਟਾਂ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿਚ ਇਸ ਪ੍ਰੋਜੈਕਟ ਤਹਿਤ 3016 ਕੰਮ 434 ਪੰਚਾਇਤਾਂ ਵਿਚ ਕਰਵਾਏ ਜਾਣੇ ਹਨ ਅਤੇ ਇੰਨਾਂ ਤੇ 11832 ਲੱਖ ਰੁਪਏ ਖਰਚ ਹੋਣਗੇ। ਇਹ ਸਾਰੇ ਕੰਮ ਚਾਲੂ ਵਿੱਤੀ ਸਾਲ ਵਿਚ ਹੀ ਮੁਕੰਮਲ ਕਰ ਲਏ ਜਾਣੇ ਹਨ। ਇਸ ਤਹਿਤ ਪਿੰਡਾਂ ਦੀਆਂ ਗਲੀਆਂ ਨਾਲੀਆਂ, ਪੀਣ ਦੇ ਪਾਣੀ ਅਤੇ ਸੀਵਰੇਜ, ਸਟਰੀਟ ਲਾਈਟਾਂ, ਪਾਰਕ, ਕਮਿਉਨਿਟੀ ਸੈਂਟਰ, ਸਕੂਲ ਆਂਗਣਬਾੜੀ ਕੇਂਦਰ ਅਤੇ ਹੋਰ ਵਿਕਾਸ ਕੰਮ ਕਰਵਾਏ ਜਾਣੇ ਹਨ। ਉਨਾਂ ਨੇ ਦੱਸਿਆ ਕਿ ਇਨਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਪਿੰਡਾਂ ਦਾ ਮੁਹਾਂਦਰਾ ਹੋਰ ਨਿਖਰੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਕੁਮਾਰ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਕੰਵਰਜੀਤ ਸਿੰਘ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਸੁਖਪਾਲ ਸਿੰਘ, ਯੂਥ ਕਾਂਗਰਸ ਜ਼ਿਲਾ ਪ੍ਰਧਾਨ ਸ੍ਰੀ ਰੂਬੀ ਗਿੱਲ ਆਦਿ ਵੀ ਹਾਜਰ ਸਨ।