ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2020 - ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਦਾ ਉੱਦਮੀ ਕਿਸਾਨ ਹਰਪ੍ਰੀਤ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ-ਦੂਸੇਰਾ ਬਣ ਰਿਹਾ ਹੈ ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਕਣਕ ਅਤੇ ਆਲੂ ਦੀ ਸਫਲ ਕਾਸ਼ਤ ਕਰਕੇ ਬਾਕੀ ਕਿਸਾਨਾਂ ਲਈ ਇੱਕ ਉਦਾਹਰਨ ਬਣਿਆ ਹੈ
ਅਗਾਂਹਵਧੂ ਕਿਸਾਨ ਨੇ ਇਹ ਸ਼ੁਰੂਆਤ 2016 ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਚੌਪਰ ਅਤੇ ਉਲਟਾਵੇਂ ਹੱਲ ਰਾਹੀਂ ਝੋਨੇ ਦੀ ਪਰਾਲੀ ਤੇ ਰਹਿੰਦ-ਖ਼ੂੰਹਦ ਜ਼ਮੀਨ ਵਿੱਚ ਵਾਹ ਕੇ ਕੀਤੀ ਕਿਸਾਨ ਨੇ ਖੇਤੀਬਾੜੀ ਵਿਭਾਗ ਬਲਾਕ ਰਾਮਪੁਰਾ ਦੇ ਸਹਿਯੋਗ ਨਾਲ 2016 ਵਿੱਚ ਪਰਾਲੀ ਨੂੰ ਕੁਤਰਾ ਕਰਨ ਵਾਲਾ ਪੈਡੀ ਸਟਰਾਅ ਮਲਚਰ ਸਬਸਿਡੀ ਉੱਪਰ ਖਰੀਦਿਆਂ ਤੇ ਲਗਾਤਾਰ 4 ਸਾਲਾਂ ਤੋਂ ਹੀ ਉਹ ਝੋਨੇ ਦੀ ਪਰਾਲੀ ਨੂੰ ਮਲਚਰ ਨਾਲ ਕੁਤਰਾ ਕਰਕੇ ਉਲਟਾਵੇਂ ਹੱਲ ਵਰਤ ਕੇ ਰੋਟਾਵੇਟਰ ਮਾਰਨ ਉਪਰੰਤ ਕਣਕ ਤੇ ਆਲੂ ਦੀ ਸਫਲ ਕਾਸ਼ਤ ਕਰ ਰਿਹਾ ਹੈ ਤੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਸਬੰਧੀ ਸੇਧ ਦੇ ਰਿਹਾ ਹੈ
ਹੋਰ ਜਾਣਕਾਰੀ ਦਿੰਦੇ ਬਲਾਕ ਖੇਤੀਬਾੜੀ ਅਫ਼ਸਰ ਰਾਮਪੁਰਾ ਡਾ. ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਉੱਦਮੀ ਕਿਸਾਨ ਨੇ ਹਾੜੀ 2019 ਦੀ ਕਣਕ ਤੋਂ ਬਾਅਦ 15 ਏਕੜ ਰਕਬੇ ਵਿੱਚ ਮੂੰਗੀ ਦੀ ਬਿਜਾਈ ਕੀਤੀ ਤੇ ਫਸਲ ਨੂੰ ਸੁਪਰ.ਐਸ.ਐਮ.ਐਸ ਵਾਲੀ ਕੰਬਾਇਨ ਨਾਲ ਵਢਾ ਕੇ ਬਾਸਮਤੀ 1509 ਦੀ ਲੁਆਈ ਪੈਡੀ ਟਰਾਂਸਪਲਾਂਟਰ ਨਾਲ ਕੀਤੀ ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਮਿੱਟੀ ਵਿੱਚ ਰਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋਇਆ ਹੈ ਤੇ ਖਾਦਾਂ ਦੇ ਬੇਲੌੜੇ ਖਰਚੇ ਵੀ ਘਟੇ ਹਨ
ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਜਮੀਨ ਵਿੱਚ ਵਾਹਉਣ ਨਾਲ ਹੋਣ ਵਾਲੇ ਫਾਇਦੇ ਗਿਣਾਉਂਦੇ ਦੱਸਿਆ ਕਿ ਇਸ ਵਿਧੀ ਨਾਲ ਸਿਰਫ 30 ਤੋਂ 35 ਕਿੱਲੋ ਪ੍ਰਤੀ ਏਕੜ ਕਣਕ ਦੇ ਬੀਜ਼ ਦੀ ਜਰੂਰਤ ਪੈਂਦੀ ਹੈ, ਕਣਕ ਦੇ ਖੇਤ ਵਿੱਚ ਜਿਆਦਾ ਪਾਣੀ ਲੱਗਣ ਨਾਲ ਨੁਕਸਾਨ ਨਹੀਂ ਹੁੰਦਾ ਅਤੇ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ। ਕਿਸਾਨ ਹਰਪ੍ਰੀਤ ਦਾ ਕਹਿਣਾ ਹੈ ਕਿ ਜ਼ਮੀਨ ਵਿੱਚ ਵਾਹੀ ਹੋਈ ਪਰਾਲੀ ਨਾਲ ਆਲੂ ਦੀ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਤੇ ਪਟਾਈ ਦੌਰਾਨ ਆਲੂਆਂ ਨਾਲ ਮਿੱਟੀ ਨਾ ਲੱਗਣ ਕਰਨ ਕੁਆਲਟੀ ਵਿੱਚ ਵੀ ਚੋਖ਼ਾ ਇਜਾਫਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਪਰਾਲੀ ਨੂੰ ਜ਼ਮੀਨ ਵਿਚ ਮਿਲਾਉਣ ਦੇ ਅਨੇਕਾ ਫਾਇਦੇ ਹਨ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿਚ ਵਹਾਉਹ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ। ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਜ਼ਮੀਨ ਵਿਚ ਆਰਗੈਨਿਕ ਮਾਦੇ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਕਿਸਾਨ ਮਿੱਤਰ ਜੀਵਾਂ ਦੀ ਸੰਖਿਆ ਵਿਚ ਵਾਧਾ ਹੁੰਦਾ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਤੇ ਚੰਗੀ ਸਿਹਤ ਵੀ ਬਰਕਰਾਰ ਰਹਿੰਦੀ ਹੈ।