← ਪਿਛੇ ਪਰਤੋ
ਕੈਨੇਡਾ: ਏਅਰ ਲਾਈਨ ਟਿਕਟ ਘੁਟਾਲੇ ਦੇ ਸੰਬਧ ਵਿਚ ਪੰਜਾਬੀ ਮੂਲ ਦੀ ਔਰਤ ਗ੍ਰਿਫਤਾਰ ਹਰਦਮ ਮਾਨ ਸਰੀ, 18 ਅਕਤੂਬਰ 2020- ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਏਅਰ ਲਾਈਨ ਟਿਕਟ ਘੁਟਾਲੇ ਦੇ ਸੰਬਧ ਵਿਚ ਪੰਜਾਬੀ ਮੂਲ ਦੀ ਔਰਤ ਅਮਰਜੀਤ ਕੌਰ ਸੈਣੀ ਨੂੰ ਗ੍ਰਿਫਤਾਰ ਕੀਤਾ ਹੈ। ਬਰੈਂਪਟਨ ਦੀ ਰਹਿਣ ਵਾਲੀ ਇਸ 41 ਸਾਲਾ ਔਰਤ ਉਪਰ ਏਅਰ ਲਾਈਨ ਦੀਆਂ ਟਿਕਟਾਂ ਵੇਚਣ ਸਮੇਂ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ ਗਏ ਹਨ। ਫਿਲਹਾਲ ਕਝ ਸ਼ਰਤਾਂ ਤਹਿਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ 21 ਦਸੰਬਰ ਨੂੰ ਬਰੈਂਪਟਨ ਸਿਟੀ ਵਿਖੇ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਅਮਰਜੀਤ ਕੌਰ ਸੈਣੀ ਉਪਰ ਦੋਸ਼ ਹਨ ਕਿ ਉਸ ਨੇ ਏਅਰ ਕੈਨੇਡਾ ਦੀ ਕਰਮਚਾਰੀ ਦੱਸ ਕੇ ਸਾਲ 2018 ਅਤੇ 2019 ਵਿਚ ਆਨ-ਲਾਈਨ ਸਸਤੀਆਂ ਟਿਕਟਾਂ ਦੇਣ ਦੀ ਪੇਸ਼ਕਸ਼ ਕੀਤੀ ਅਤੇ ਏਅਰ ਟਿਕਟਾਂ ਖਰੀਦਣ ਦੇ ਚਾਹਵਾਨਾਂ ਨੇ ਸਸਤੀਆਂ ਟਿਕਟਾਂ ਦੇ ਲਾਲਚਵੱਸ ਆ ਕੇ ਉਸ ਨੂੰ ਟਿਕਟਾਂ ਦਾ ਭੁਗਤਾਨ ਕੀਤਾ ਪਰ ਜਦੋਂ ਇਹ ਟਿਕਟਾਂ ਖਰੀਦਣ ਵਾਲੇ ਆਪਣੀ ਫਲਾਈਟ ਲੈਣ ਲਈ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਨਿਰਾਸ਼ ਅਤੇ ਦੁਖੀ ਹੋ ਕੇ ਵਾਪਸ ਘਰਾਂ ਨੂੰ ਮੁੜਨਾ ਪਿਆ। ਅਜਿਹੀਆਂ ਸ਼ਿਕਾਇਤਾਂ ਮਿਲਣ ਤੇ ਜਾਂਚ ਸ਼ੁਰੂ ਕੀਤੀ ਗਈ ਤਾਂ ਇਸ ਮਾਮਲੇ ਵਿਚ ਅਮਰਜੀਤ ਕੌਰ ਸੈਣੀ ਦਾ ਨਾਮ ਉਜਾਗਰ ਹੋਇਆ। ਜਾਂਚ ਕਰ ਰਹੀ ਟੀਮ ਅਨੁਸਾਰ ਹੁਣ ਤੱਕ 35,465.70 ਡਾਲਰ ਦੀ ਧੋਖੇਬਾਜ਼ੀ ਸਾਹਮਣੇ ਆ ਚੁੱਕੀ ਹੈ ਅਤੇ ਇਹ ਰਕਮ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਸੰਪਰਕ: ਹਰਦਮ ਮਾਨ +1 604 308 6663 ਈਮੇਲ : maanbabushahi@gmail.com
Total Responses : 189