ਹਰਦਮ ਮਾਨ
- ਤਾਜ਼ਾ ਸਰਵੇਖਣ ਵਿਚ ਐਨ ਡੀ ਪੀ ਦਾ ਹੱਥ ਉਪਰ, ਲਿਬਰਲ ਦੂਜੇ ਅਤੇ ਗਰੀਨ ਪਾਰਟੀ ਤੀਜੇ ਸਥਾਨ ‘ਤੇ
ਸਰੀ, 18 ਅਕਤੂਬਰ 2020 - ਬੀ.ਸੀ. ਅਸੈਂਬਲੀ ਚੋਣਾਂ ਵਿਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ ਅਤੇ ਤਿੰਨਾਂ ਮੁੱਖ ਪਾਰਟੀਆਂ (ਐਨਡੀਪੀ, ਸੀਬੀ ਲਿਬਰਲ ਅਤੇ ਗਰੀਨ ਪਾਰਟੀ) ਵੱਲੋਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਪਰ ਹੁਣ ਤੱਕ ਦੇ ਚੋਣ ਸਰਵੇਖਣਾਂ ਅਨੁਸਾਰ ਐਨਡੀਪੀ ਚੋਣ ਮੁਹਿੰਮ ਵਿਚ ਅੱਗੇ ਚੱਲ ਰਹੀ ਹੈ, ਬੀਸੀ ਲਿਬਰਲ ਪਾਰਟੀ ਦੂਜੇ ਨੰਬਰ ਤੇ ਅਤੇ ਗਰੀਨ ਪਾਰਟੀ ਤੀਜੇ ਸਥਾਨ ਤੇ।
ਐਂਗਸ ਰੀਡ ਇੰਸਟੀਚਿਊਟ ਦੇ ਤਾਜ਼ਾ ਸਰਵੇਖਣ ਵਿਚ ਤਕਰੀਬਨ ਅੱਧੇ (49 ਫੀਸਦੀ) ਵੋਟਰਾਂ ਨੇ ਕਿਹਾ ਕਿ ਉਹ ਬੀ.ਸੀ. ਐਨ.ਡੀ.ਪੀ. ਨੂੰ ਵੋਟ ਪਾਉਣਗੇ, ਇਸ ਤੋਂ ਬਾਅਦ 33 ਪ੍ਰਤੀਸ਼ਤ ਨੇ ਬੀ.ਸੀ. ਲਿਬਰਲ ਅਤੇ 14 ਪ੍ਰਤੀਸ਼ਤ ਨੇ ਬੀਸੀ ਗਰੀਨ ਪਾਰਟੀ ਦੇ ਹੱਕ ਵਿਚ ਆਪਣਾ ਹੁੰਗਾਰਾ ਭਰਿਆ।
ਇਹ ਆਨਲਾਈਨ ਸਰਵੇਖਣ 14 ਅਤੇ 15 ਅਕਤੂਬਰ ਨੂੰ ਕੀਤਾ ਗਿਆ ਸੀ ਅਤੇ ਇਸ ਵਿੱਚ 801 ਬ੍ਰਿਟਿਸ਼ ਕੋਲੰਬੀਆ ਬਾਲਗਾਂ ਨੇ ਹਿੱਸਾ ਲਿਆ। ਸਰਵੇਖਣ ਅਨੁਸਾਰ ਐਨਡੀਪੀ ਦੀ ਲੋਕਪ੍ਰਿਅਤਾ ਮੈਟਰੋ ਵੈਨਕੂਵਰ ਵਿਚ ਸਭ ਤੋਂ ਵੱਧ ਹੈ, ਜਿਥੇ 60 ਪ੍ਰਤੀਸ਼ਤ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਐਨਡੀਪੀ ਨੂੰ ਵੋਟ ਪਾਉਣਗੇ, ਜਦੋਂਕਿ ਵੈਨਕੂਵਰ ਆਈਲੈਂਡ ਅਤੇ ਨੌਰਥ ਕੋਸਟ ਖੇਤਰਾਂ ਵਿਚ ਗ੍ਰੀਨ ਪਾਰਟੀ ਦੀ ਹਮਾਇਤ ਹੈ ਅਤੇ ਲਿਬਰਲ ਪਾਰਟੀ ਨੂੰ ਜ਼ਿਆਦਾਤਰ ਸਮਰਥਨ ਇਨਟੀਰੀਅਰ ਅਤੇ ਲੋਅਰ ਮੇਨਲੈਂਡ / ਫਰੇਜ਼ਰ ਵੈਲੀ ਖੇਤਰਾਂ ਵਿਚ ਮਿਲ ਰਿਹਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com