ਗੁਰਿੰਦਰਜੀਤ ਨੀਟਾ ਮਾਛੀਕੇ
- ਹਵਾ ਦੀ ਗੁਣਵੱਤਾ ਤੇ ਵੀ ਪਿਆ ਅਸਰ
ਫਰਿਜ਼ਨੋ (ਕੈਲੀਫੋਰਨੀਆ), 18 ਅਕਤੂਬਰ 2020 - ਕੈਲੀਫੋਰਨੀਆਂ ਦੇ ਅੱਗ ਬੁਝਾਊ ਵਿਭਾਗ ਦੇ ਅਨੁਸਾਰ ਸੀਅਰਾ ਅਤੇ ਇਨਯੋ ਦੇ ਰਾਸ਼ਟਰੀ ਜੰਗਲਾਂ ਵਿੱਚ ਲੱਗੀ ਅੱਗ ਨੇ ਹਜ਼ਾਰਾਂ ਹੀ ਦਰੱਖਤ ਸਾੜ ਦਿੱਤੇ ਹਨ ਅਤੇ ਸਤੰਬਰ ਦੇ ਅੱਧ ਤੋਂ ਲੈ ਕੇ ਲਗਭੱਗ 346,477 ਏਕੜ ਦਾ ਰਕਬਾ ਤਬਾਹ ਕਰ ਦਿੱਤਾ ਹੈ। ਇਸ ਕਰੀਕ ਫਾਇਰ ਨੇ ਉੱਥੋਂ ਦੇ 856 ਬੁਨਿਆਦੀ ਢਾਂਚਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਸ਼ਨੀਵਾਰ ਸਵੇਰ ਤੱਕ ਇਹ ਅੱਗ 60% ਤੱਕ ਫੈਲ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਦੇ ਸੰਬੰਧ ਵਿੱਚ ਸੰਘੀ ਅਧਿਕਾਰੀਆਂ ਦੇ ਪਹਿਲੇ ਫੈਸਲੇ ਨੂੰ ਬਦਲਦਿਆਂ ਅੱਗ ਨਾਲ ਜੂਝ ਰਹੀ ਕੈਲੀਫੋਰਨੀਆ ਨੂੰ ਲੱਖਾਂ ਡਾਲਰ ਦੀ ਰਾਹਤ ਜਾਰੀ ਕੀਤੀ ਹੈ ਜਿਸ ਨਾਲ ਤੁਲੇਰੇ ਕਾਊਂਟੀ ਅਤੇ ਐਸ ਕਿਊ ਐਫ ਸਮੇਤ ਰਾਜ ਵਿੱਚ ਫੈਲੀ ਹੋਈ ਜੰਗਲੀ ਅੱਗ ਨੂੰ ਕਾਬੂ ਕੀਤਾ ਜਾ ਸਕੇ।
ਐਸ ਕਿਊ ਐਫ ਦੀ ਅੱਗ ਜੋ ਕਿ ਜੋਇੰਟ ਸੇਕੁਆਇਆ ਨੈਸ਼ਨਲ ਸਮਾਰਕ ਤੋਂ ਤਿੰਨ ਮੀਲ ਪੂਰਬ ਵੱਲ ਹੈ ਨੇ ਵੀ 168,095 ਏਕੜ ਦਾ ਖੇਤਰ ਨਸ਼ਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਅੱਗ ਨੇ ਹਵਾ ਦੀ ਕੁਆਲਟੀ ਨੂੰ ਵੀ ਘਟਾ ਦਿੱਤਾ ਹੈ। ਅੱਗ ਕਾਰਨ ਫਰਿਜ਼ਨੋ, ਮਡੇਰਾ ਅਤੇ ਤੁਲਾਰ ਕਾਉਂਟੀਜ਼ ਵਿੱਚ ਹਵਾ ਦੀ ਗੁਣਵੱਤਾ ਵਿੱਚ ਨਿਘਾਰ ਆ ਰਿਹਾ ਹੈ। ਇਸ ਦੇ ਇਲਾਵਾ ਅੱਗ ਬੁਝਾਊ ਅਮਲਾ ਡੋਲਨ ਵਿੱਚ ਲੱਗੀ ਅੱਗ ਨੂੰ ਰੋਕਣ ਦੇ ਨੇੜੇ ਹੈ। ਇਸ ਨੇ ਵੀ 124,924 ਏਕੜ ਦੇ ਖੇਤਰ ਵਿੱਚ ਜੰਗਲੀ ਜੀਵਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਅੱਗ ਨੂੰ ਕਥਿਤ ਤੌਰ 'ਤੇ 17 ਅਗਸਤ ਨੂੰ ਇਵਾਨ ਗੈਰੋਨੀਮੋ ਗੋਮੇਜ਼ (30) ਜੋ ਇੱਕ ਫਰਿਜ਼ਨੋ ਨਿਵਾਸੀ ਹੈ ਦੁਆਰਾ ਸ਼ੁਰੂ ਕੀਤਾ ਗਿਆ ਸੀ,ਜਿਸ ਨੂੰ ਇਕ ਦਿਨ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।