ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆਂ) 20 ਅਕਤੂਬਰ 2020 - ਅਮਰੀਕਾ ਵਾਸੀਆਂ ਨੂੰ ਆਪਣੇ ਜੀਵਣ ਵਿੱਚ ਬਹੁਤ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚੋਂ ਸਭ ਤੋਂ ਖਤਰਨਾਕ ਜੰਗਲੀ ਅੱਗ ਹੈ। ਇਸ ਆਫਤ ਨਾਲ ਸਭ ਕੁੱਝ ਸੜ ਕੇ ਸਵਾ ਹੋ ਜਾਂਦਾ ਹੈ। ਅਜਿਹੀ ਹੀ ਮਾਰ ਹੁਣ ਕੋਲੋਰਾਡੋ ਵਾਸੀ ਝੱਲ ਰਹੇ ਹਨ। ਇਸ ਖੇਤਰ ਵਿੱਚ ਅੱਗ ਬੁਝਾਊ ਅਮਲਾ ਸੈਂਕੜੇ ਹਜ਼ਾਰਾਂ ਏਕੜ ਰਕਬੇ ਵਿੱਚ ਦੋ ਮਹੀਨਿਆਂ ਤੋਂ ਲੱਗੀ ਅੱਗ ਨੂੰ ਬੁਝਾਉਣ ਵਿਚ ਲੱਗਾ ਹੋਇਆ ਹੈ। ਰਾਕੀ ਮਾਊਨਟੇਨ ਏਰੀਆ ਕੋਆਰਡੀਨੇਸ਼ਨ ਸੈਂਟਰ ਦੇ ਅਨੁਸਾਰ ਕੈਮਰਨ ਪੀਕ ਫਾਇਰ ਜੋ ਕਿ 13 ਅਗਸਤ ਨੂੰ ਸ਼ੁਰੂ ਹੋਈ ਸੀ ਕੋਲੋਰਾਡੋ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਰਿਕਾਰਡ ਕੀਤੀ ਗਈ ਜੰਗਲੀ ਅੱਗ ਹੈ। ਫੋਰਟ ਕੋਲਿਨ ਦੇ ਪੱਛਮ ਵਿੱਚ ਲੱਗੀ ਇਸ ਅੱਗ ਨਾਲ 203,253 ਏਕੜ ਜ਼ਮੀਨ ਸੜ ਗਈ ਹੈ।
ਸੰਯੁਕਤ ਰਾਜ ਜੰਗਲਾਤ ਸੇਵਾ ਅਨੁਸਾਰ ਇਸ ਤੇ ਕਾਬੂ ਪਾਉਣ ਲਈ ਲਗਭਗ 1,542 ਅੱਗ ਬੁਝਾਊ ਕਾਮੇ ਵੱਖ-ਵੱਖ ਹਿੱਸਿਆਂ ਵਿਚ ਅੱਗ ਬੁਝਾਉਣ ਲਈ ਲੜ ਰਹੇ ਹਨ । ਮੌਸਮ ਵਿਗਿਆਨੀਆਂ ਅਨੁਸਾਰ ਅੱਗ ਲੱਗਣ ਦੇ ਵਾਧੇ ਪਿੱਛੇ ਮੌਸਮ ਵਿੱਚ ਤਬਦੀਲੀ ਪ੍ਰਮੁੱਖ ਕਾਰਨ ਰਹੀ ਹੈ, ਕਿਉਂਕਿ ਵਧ ਰਹੇ ਤਾਪਮਾਨ, ਸੁੱਕਣ ਵਾਲੀ ਹਵਾ ਨੇ ਅੱਗ ਨੂੰ ਤੇਜ਼ ਕੀਤਾ ਹੈ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨੇ ਵੀ ਰਿਪੋਰਟ ਦਿੱਤੀ ਹੈ ਕਿ ਕੈਲੀਫੋਰਨੀਆ ਵਿਚ ਇਸ ਸਾਲ ਜੰਗਲੀ ਅੱਗਾਂ ਨਾਲ 4.1 ਮਿਲੀਅਨ ਏਕੜ ਤੋਂ ਜ਼ਿਆਦਾ ਰਕਬਾ ਸੜ ਗਿਆ ਹੈ ਅਤੇ ਨਾਲ ਹੀ ਅੱਠ ਲੋਕਾਂ ਦੀ ਮੌਤ ਵੀ ਹੋਈ ਹੈ।